
ਪੀ. ਡੀ. ਏ. ਨੇ ਕਰਹੇੜੀ ਦੀ ਹਦੂਦ ਵਿੱਚ ਪੈਂਦੀ ਕਲੋਨੀ ਵਿਖੇ ਅਣ-ਅਧਿਕਾਰਤ ਉਸਾਰੀਆਂ ਦੇ ਬੰਦ ਕਰਵਾਏ ਗਏ ਕੰਮ ਦਾ ਦਾ ਲਿਆ
- by Jasbeer Singh
- April 17, 2025

ਪੀ. ਡੀ. ਏ. ਨੇ ਕਰਹੇੜੀ ਦੀ ਹਦੂਦ ਵਿੱਚ ਪੈਂਦੀ ਕਲੋਨੀ ਵਿਖੇ ਅਣ-ਅਧਿਕਾਰਤ ਉਸਾਰੀਆਂ ਦੇ ਬੰਦ ਕਰਵਾਏ ਗਏ ਕੰਮ ਦਾ ਦਾ ਲਿਆ ਜਾਇਜ਼ਾ ਪਟਿਆਲਾ, 17 ਅਪ੍ਰੈਲ : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ), ਪਟਿਆਲਾ ਦੀ ਟੀਮ ਨੇ ਪੰਜਾਬੀ ਯੂਨਿਵਰਸਿਟੀ ਦੇ ਸਾਹਮਣੇ ਪਿੰਡ ਕਰਹੇੜੀ ਦੀ ਰੈਵਿਨਿਊ ਹਦੂਦ ਅੰਦਰ ਪੈਂਦੀ ਕਲੋਨੀ ਵਿੱਚ ਜਿਨ੍ਹਾਂ ਅਣ-ਅਧਿਕਾਰਤ ਉਸਾਰੀਆਂ ਨੂੰ ਨੋਟਿਸ ਜਾਰੀ ਕਰਕੇ ਕੰਮ ਬੰਦ ਕਰਵਾਇਆ ਗਿਆ ਸੀ, ਦਾ ਦੁਬਾਰਾ ਮੌਕਾ ਚੈੱਕ ਕੀਤਾ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਪਟਿਆਲਾ ਸੀਮਾ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਨਗਰ ਯੋਜਨਾਕਾਰ (ਰੈਗੂਲੇਟਰੀ) ਗੁਰਿੰਦਰ ਸਿੰਘ ਸਮੇਤ ਜੂਨੀਅਰ ਇੰਜੀਨੀਅਰ ਅਤੇ ਸਕਿਊਰਟੀ ਇੰਚਾਰਜ ਦੇ ਨਾਲ ਜਾ ਕੇ ਜਾਇਜ਼ਾ ਲਿਆ ਗਿਆ ਹੈ । ਸੀਮਾ ਕੌਸ਼ਲ ਨੇ ਦੱਸਿਆ ਕਿ ਇਹਨਾਂ ਵਿੱਚ ਕੁਝ ਉਸਾਰੀਆਂ ਦਾ ਕੇਸ ਬੰਦ ਪਾਇਆ ਗਿਆ, ਕੁਝ ਉਸਾਰੀਕਾਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਪਾਸ ਮੰਨਜੂਰੀ ਹੈ ਜੋ ਕਿ ਦਫਤਰ ਵਿਖੇ ਪੇਸ਼ ਕਰ ਦਿੱਤੀ ਜਾਵੇਗੀ । ਉਨ੍ਹਾਂ ਹੋਰ ਕਿਹਾ ਕਿ ਉਪਰੋਕਤ ਤੋਂ ਇਲਾਵਾ ਕੁਝ ਉਸਾਰੀਕਾਰ ਜਿਨ੍ਹਾਂ ਵੱਲੋਂ ਉਸਾਰੀ ਦਾ ਕੰਮ ਬੰਦ ਨਹੀਂ ਕੀਤਾ ਗਿਆ ਹੈ, ਉਹਨਾਂ ਦੇ ਖਿਲਾਫ ਦਿ ਪੰਜਾਬ ਰਿਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ”, 1995 ਤੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀਆਂ ਧਾਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰਨਾਂ ਸਰਕਾਰੀ ਅਦਾਰਿਆਂ ਨੂੰ ਵੀ ਇਹਨਾਂ ਉਸਾਰੀਕਾਰਾਂ ਖਿਲਾਫ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ।