ਪਰੇਸ਼ ਰਾਵਲ ਵੱਲੋਂ ਫ਼ਿਲਮ ‘ਦਿ ਤਾਜ ਸਟੋਰੀ’ ਬਣਾਉਣ ਦਾ ਐਲਾਨ
- by Aaksh News
- May 31, 2024
ਅਦਾਕਾਰ ਪਰੇਸ਼ ਰਾਵਲ ਨੇ ਆਪਣੀ ਨਵੀਂ ਆਉਣ ਵਾਲੀ ਫਿਲ਼ਮ ‘ਦਿ ਤਾਜ ਸਟੋਰੀ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਪਰੇਸ਼ ਰਾਵਲ ਨੇ ਐਕਸ ’ਤੇ ਜਾਣਕਾਰੀ ਦਿੱਤੀ। ਉਸ ਨੇ ਫ਼ਿਲਮ ਦਾ ਪੋਸਟਰ ਵੀ ਜਾਰੀ ਕੀਤਾ ਹੈ। ਇਸ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘ਮੈਂ ਆਪਣੀ ਆਉਣ ਵਾਲੀ ਫ਼ਿਲਮ ‘ਦਿ ਤਾਜ ਸਟੋਰੀ’ ਦੀ ਸ਼ੂਟਿੰਗ 20 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ।’ ਫ਼ਿਲਮ ਦਾ ਨਿਰਮਾਣ ਸੀਏ ਸੁਰੇਸ਼ ਝਾਅ ਵੱਲੋਂ ਕੀਤਾ ਜਾਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਤੁਸ਼ਾਰ ਅਮਰੀਸ਼ ਗੋਇਲ ਹਨ ਅਤੇ ਨਿਰਮਾਤਾ ਵਿਕਾਸ ਰਾਧੇਸ਼ਿਆਮ ਹਨ। ਇਹ ਫ਼ਿਲਮ ਸਵਰਨਿਮ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੇਗੀ। ਜਿਵੇਂ ਹੀ ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਉਸ ਦੇ ਚਾਹੁਣ ਵਾਲਿਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਪਰੇਸ਼ ਰਾਵਲ ਵਾਣੀ ਕਪੂਰ ਦੀ ਆਉਣ ਵਾਲੀ ਕਾਮੇਡੀ ਫ਼ਿਲਮ ‘ਬਦਤਮੀਜ਼ ਗਿੱਲ’ ਵਿੱਚ ਦਿਖਾਈ ਦੇਵੇਗਾ। ਇਹ ਫ਼ਿਲਮ ਬਰੇਲੀ ਅਤੇ ਲੰਡਨ ਆਧਾਰਤ ਲੜਕੀ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ। ਇਸ ਦਾ ਨਿਰਦੇਸ਼ਨ ਨਵਜੋਤ ਗੁਲਾਟੀ ਕਰ ਰਿਹਾ ਹੈ।

