ਪਟਿਆਲਾ ਪੁਲਿਸ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਰਵਾਈ ਦੌੜ
- by Jasbeer Singh
- November 1, 2025
ਪਟਿਆਲਾ ਪੁਲਿਸ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਰਵਾਈ ਦੌ -ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਤੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਬੂਟੇ ਲਾਏ ਤੇ 'ਰਨ ਫ਼ਾਰ ਯੂਨਿਟੀ' ਨੂੰ ਦਿਖਾਈ ਹਰੀ ਝੰਡੀ -ਲੋਹ ਪੁਰਸ਼ ਸਰਦਾਰ ਵੱਲਬਭਾਈ ਪਟੇਲ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਅਰਪਿਤ, 'ਰਨ ਫ਼ਾਰ ਯੂਨਿਟੀ' 'ਚ ਦੌੜੇ ਵਿਦਿਆਰਥੀ ਤੇ ਨੌਜਵਾਨ ਪਟਿਆਲਾ, 1 ਨਵੰਬਰ 2025 : : ਪਟਿਆਲਾ ਪੁਲਿਸ ਨੇ ਅੱਜ ਰਾਸ਼ਟਰੀ ਏਕਤਾ ਦਿਵਸ ਮੌਕੇ 'ਰਨ ਫ਼ਾਰ ਯੂਨਿਟੀ' ਦਾ ਆਯੋਜਨ ਉਤਸ਼ਾਹ ਨਾਲ ਕਰਵਾਇਆ । ਇਸ 'ਰਨ ਫ਼ਾਰ ਯੂਨਿਟੀ' ਦੌਰਾਨ ਪੁਲਿਸ ਲਾਈਨ ਕੰਪਲੈਕਸ ਵਿੱਚ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਅਤੇ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਬੂਟੇ ਲਗਾਏ ਅਤੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ । ਉਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਨੁੱਖਤਾ ਦਾ ਸੁਨੇਹਾ ਅੱਗੇ ਵਧਾਉਣ ਲਈ ਕਰਵਾਈ ਗਈ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੇਂ ਜਨਮਦਿਨ ਦੀ ਜਯੰਤੀ ਮੌਕੇ ਐਸ. ਐਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ. ਪੀ. ਸਥਾਨਕ ਵੈਭਵ ਚੌਧਰੀ ਦੀ ਅਗਵਾਈ ਹੇਠ ਕਰਵਾਏ 'ਰਨ ਫ਼ਾਰ ਯੂਨਿਟੀ' ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਸਕੂਲ ਦੇ ਬੱਚਿਆਂ, ਵਿਦਿਆਰਥੀਆਂ, ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਵੱਡੇ ਜਜ਼ਬੇ ਨਾਲ ਹਿੱਸਾ ਲੈਂਦਿਆਂ ਦੇਸ਼ ਦੇ ਲੋਹ ਪੁਰਸ਼ ਸਰਦਾਰ ਵੱਲਬਭਾਈ ਪਟੇਲ ਦੀ ਜਯੰਤੀ 'ਤੇ ਸ਼ਰਧਾਂਜਲੀ ਅਰਪਿਤ ਕੀਤੀ । ਇਸ ਮੌਕੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਏਕਤਾ ਲਈ ਦੌੜ ਵਰਗੇ ਸਮਾਰੋਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦੇਂਦੇ ਹਨ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੇ ਆਦਰਸ਼ਾਂ ਅਤੇ ਯੋਗਦਾਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ । ਐਸ.ਪੀ. ਸਥਾਨਕ ਵੈਭਵ ਚੌਧਰੀ ਅਤੇ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਸਰਦਾਰ ਪਟੇਲ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਰਾਸ਼ਟਰ ਦੀ ਏਕਤਾ, ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦਾ ਸੰਕਲਪ ਦਿਵਾਇਆ। ਪ੍ਰੋਗਰਾਮ ਦੀ ਸਫਲਤਾ ਲਈ ਸਮਾਜ ਸੇਵੀ ਸੰਸਥਾਵਾਂ 'ਯੂਥ ਫੈਡਰੇਸ਼ਨ ਆਫ ਇੰਡੀਆ' ਅਤੇ 'ਪਾਵਰ ਹਾਊਸ ਯੂਥ ਕਲੱਬ' ਨੇ ਵਿਸ਼ੇਸ਼ ਸਹਿਯੋਗ ਦਿੱਤਾ। ਨੌਜਵਾਨਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਹੁੰ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਚੁਕਾਈ। ਇਸ ਮੌਕੇ ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਮਾਵੀ, ਡੀ. ਐਸ. ਪੀ. ਜੰਗਜੀਤ ਸਿੰਘ ਰੰਧਾਵਾ, ਡੀ. ਐਸ. ਪੀ. (ਦੇਹਾਤੀ) ਹਰਸਿਮਰਨ ਸਿੰਘ, ਡੀ. ਐਸ. ਪੀ. ਨਾਭਾ ਮਨਦੀਪ ਕੌਰ ਚੀਮਾ, ਸਟੇਟ ਐਵਾਰਡੀ ਪਰਮਿੰਦਰ ਭਲਵਾਨ (ਮੈਂਬਰ, ਨਸ਼ਾ ਮੁਕਤ ਭਾਰਤ ਅਭਿਆਨ), ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ (ਮੈਂਬਰ, ਨਸ਼ਾ ਮੁਕਤ ਭਾਰਤ ਅਭਿਆਨ), ਐੱਸ. ਐਚ. ਓ. ਥਾਣਾ ਤ੍ਰਿਪੜੀ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸੁਖਜਿੰਦਰ ਸਿੰਘ, ਇੰਸਪੈਕਟਰ ਜਸਪ੍ਰੀਤ ਕੌਰ ਤੇ ਤਰਨੁਦੀਪ ਕੌਰ ਚਾਹਲ, ਐੱਸ. ਐਚ. ਓ. ਥਾਣਾ ਬਖ਼ਸ਼ੀ ਵਾਲਾ ਐੱਸ. ਆਈ. ਸੁਖਦੇਵ ਸਿੰਘ, ਟ੍ਰੈਫਿਕ ਇੰਚਾਰਜ ਐੱਸ. ਆਈ. ਭਗਵਾਨ ਸਿੰਘ ਲਾਡੀ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਸਮੇਤ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

