post

Jasbeer Singh

(Chief Editor)

Patiala News

ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਹੋਇਆ ਡਿਜੀਟਲ

post-img

ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਹੋਇਆ ਡਿਜੀਟਲ ਸਖੀ ਐਪ ਤੇ ਆਨਲਾਈਨ ਪੋਰਟਲ ਰਾਹੀਂ ਔਰਤਾਂ ਦੀ ਕਰੇਗਾ ਸਹਾਇਤਾ-ਡਾ. ਪ੍ਰੀਤੀ ਯਾਦਵ -ਹਿੰਸਾ ਪੀੜਤ, ਸ਼ੋਸ਼ਣ ਦਾ ਸ਼ਿਕਾਰ ਤੇ ਹੋਰ ਲੋੜਵੰਦ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਵਿਖੇ ਇੱਕ ਹੀ ਛੱਤ ਹੇਠ 24 ਘੰਟੇ ਮਿਲੇਗੀ ਹਰ ਤਰ੍ਹਾਂ ਦੀ ਸਹਾਇਤਾ -ਡਿਪਟੀ ਕਮਿਸ਼ਨਰ ਵੱਲੋਂ ਸਖੀ ਐਪ ਤੇ ਪੋਰਟਲ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਬੈਠਕ -ਸਖੀ ਵਨ ਸਟਾਪ ਸੈਂਟਰ ਦਾ ਮਕਸਦ ਪੀੜਤ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਕੇ ਯੋਗ ਸਹਾਇਤਾ ਰਾਹੀਂ ਨਿਆਂ ਯਕੀਨੀ ਬਣਾਉਣਾ : ਡੀ. ਸੀ. -ਕਿਹਾ, 'ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਲੋੜਵੰਦ, ਪ੍ਰੇਸ਼ਾਨ ਤੇ ਹਿੰਸਾ ਤੋਂ ਪੀੜਤ ਔਰਤਾਂ ਲਈ ਵਰਦਾਨ' ਪਟਿਆਲਾ, 4 ਨਵੰਬਰ : ਪਟਿਆਲਾ ਦੇ ਸਖੀ ਵਨ ਸਟਾਪ ਸੈਂਟਰ ਨੂੰ ਡਿਜ਼ੀਟਲ ਕਰ ਦਿੱਤਾ ਗਿਆ ਹੈ। ਹੁਣ ਕੋਈ ਵੀ ਕਿਸੇ ਵੀ ਤਰ੍ਹਾਂ ਨਾਲ ਪੀੜਤ ਔਰਤ ਭਾਵੇਂ ਉਹ ਘਰੇਲੂ ਹਿੰਸਾ,ਜਬਰ ਜਨਾਹ,ਐਸਿਡ ਅਟੈਕ, ਬਾਲ ਯੋਨ-ਸ਼ੋਸ਼ਣ,ਬਾਲ ਵਿਆਹ,ਦਹੇਜ ਉਤਪੀੜਨ, ਸਾਈਬਰ ਕ੍ਰਾਈਮ, ਮਹਿਲਾ ਤਸਕਰੀ ਜਾਂਗੁੰਮਸ਼ੁਦਾ ਆਦਿ ਨਾਲ ਸਬੰਧਤ ਵੀ ਹੋਵੇ, ਉਹ ਇਸ ਸੈਂਟਰ ਤੋਂ ਸਖੀ ਐਪ ਤੇ ਆਨ ਲਾਈਨ ਪੋਰਟਲ ਰਾਹੀਂ ਕਿਸੇ ਵੀ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਲੈ ਸਕੇਗੀ । ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਖੀ ਐਪ ਤੇ ਆਨਲਾਈਨ ਪੋਰਟਲ ਦਾ ਮੁਲੰਕਣ ਕਰਦਿਆਂ ਪ੍ਰਦਾਨ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਏ. ਡੀ. ਸੀ. ਇਸ਼ਾ ਸਿੰਗਲ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਕ੍ਰਿਸ਼ਨਾ ਲੈਬ ਦੇ ਸਾਹਮਣੇ ਹਫ਼ਤੇ ਦੇ 7 ਦਿਨ 24 ਘੰਟੇ ਨਿਰੰਤਰ ਕਾਰਜਸ਼ੀਲ ਸਖੀ-ਵਨ ਸਟਾਪ ਸੈਂਟਰ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦਾ ਮੁੱਢਲਾ ਮਕਸਦ ਪੀੜਤ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਕੇ ਉਨ੍ਹਾਂ ਨੂੰ ਇੱਕ ਹੀ ਜਗ੍ਹਾ ਤੋਂ ਯੋਗ ਸਹਾਇਤਾ ਰਾਹੀਂ ਨਿਆਂ ਦਿਵਾਉਣਾ ਯਕੀਨੀ ਬਣਾਉਣਾ ਹੈ । ਡਿਪਟੀ ਕਮਿਸ਼ਨਰ ਨੇ ਹਿੰਸਾ ਪੀੜਿਤ ਔਰਤਾਂ ਦੀ ਸਮੱਸਿਆ ਦੀ ਹੱਲ ਲਈ ਆਨ ਲਾਈਨ ਸਖੀ ਐਪ/ਪੋਰਟਲ ਰਾਹੀਂ ਦਰਖਾਸਤਾਂ ਦਰਜ ਕਰਵਾਉਣ ਲਈ ਸ਼ੁਰੂ ਕੀਤੀ ਸਖੀ ਐਪਲੀਕੇਸ਼ਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਖੀ ਐਪ/ਪੋਰਟਲ ਪੀੜਿਤ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਰਾਹੀਂ ਇੱਕੋ ਛੱਤ ਥੱਲੇ ਵੱਖ-ਵੱਖ ਸੇਵਾਵਾਂ, ਐਮਰਜੈਂਸੀ ਸੇਵਾਵਾਂ, ਮਨੋਵਿਗਿਆਨਕ ਸਲਾਹ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਅਸਥਾਈ ਆਸਰਾ (5 ਦਿਨ) ਪ੍ਰਦਾਨ ਕਰਨ ਲਈ ਲਾਭਦਾਇਕ ਹੋਵੇਗੀ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਖੀ ਐਪਲੀਕੇਸ਼ਨ/ਪੋਰਟਲ ਉਪਰ ਪ੍ਰਾਪਤ ਦਰਖਾਸਤਾਂ ਦੀ ਨਿਗਰਾਨੀ, ਜ਼ਿਲ੍ਹ•ਾ ਪ੍ਰਸ਼ਾਸਨ ਅਤੇ ਸਖੀ ਵਨ ਸਟਾਪ ਸੈਂਟਰ ਵੱਲੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦਰਖਾਸਤਾਂ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਰਾਹੀਂ ਔਰਤਾਂ ਆਪਣੇ ਘਰ ਬੈਠੇ ਹੀ ਆਪਣੇ ਫੋਨ ਰਾਹੀਂ ਪੋਰਟਲ 'ਤੇ ਦਰਖਾਸਤ ਬਾਰੇ ਜਾਣ ਸਕਦੀਆਂ ਹਨ।ਇਸ ਐਪਲੀਕੇਸ਼ਨ ਵਿੱਚ ਜ਼ਿਲ੍ਹਾ ਪੁਲਿਸ, ਸਿਹਤ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਹੁਨਰ ਵਿਕਾਸ, ਰੈੱਡ ਕਰਾਸ, ਸਿੱਖਿਆ ਵਿਭਾਗ, ਬਾਲ ਸੁਰੱਖਿਆ ਯੂਨਿਟ ਆਦਿ ਦੋ ਦਰਜਨ ਵਿਭਾਗ ਜੁੜੇ ਹੋਏ ਹਨ ਜੋ ਕਿ ਔਰਤਾਂ ਵੱਲੋਂ ਦਿੱਤੀ ਗਈ ਦਰਖਾਸਤ 'ਤੇ ਲੋੜੀਂਦੀ ਕਾਰਵਾਈ ਕਰਨਗੇ । ਐਪ ਇੰਸਟਾਲ ਕਰਨ ਲਈ ਲਿੰਕ https// Sakhiapp.punjab.gov.in/ ਉਤੇ ਜਾ ਕੇ ਇਸ ਨੂੰ ਆਪਣੇ ਫੋਨ ਵਿੱਚ ਇੰਸਟਾਲ ਕੀਤਾ ਜਾ ਸਕਦਾ ਹੈ । ਇਸ ਮੌਕੇ ਏ. ਡੀ. ਸੀ. ਇਸ਼ਾ ਸਿੰਗਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਡੀ. ਐਸ. ਪੀ. ਜਰਨੈਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ, ਸੈਂਟਰ ਇੰਚਾਰਜ ਰਜਮੀਤ ਕੌਰ, ਪੁਲਿਸ ਫੈਸਿਲੀਟੇਸ਼ਨ ਅਫ਼ਸਰ ਇੰਸਪੈਕਟਰ ਕਰਮਜੀਤ ਕੌਰ ਤੇ ਹੌਲਦਾਰ ਆਸ਼ਾ ਰਾਣੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ, ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੌਰ, ਐਲ. ਡੀ. ਐਮ. ਰਾਜੀਵ ਸਰਹਿੰਦੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਸਮੇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਹੁਨਰ ਵਿਕਾਸ, ਰੈੱਡ ਕਰਾਸ ਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਮੌਜੂਦ ਸਨ ।

Related Post