

ਨਾਭਾ ਵਿਖੇ ਵਿਸ਼ਵ ਯੋਗਾ ਦਿਵਸ ਮੌਕੇ ਲੋਕਾਂ ਨੇ ਦਿਖਾਇਆ ਉਤਸ਼ਾਹ ਰੋਜ਼ਾਨਾ ਯੋਗ ਕਰਨ ਵਾਲਿਆਂ ਨੇ ਕਿਹਾ ਯੋਗ ਨਾਲ ਬਿਮਾਰੀਆਂ ਤੇ ਦਵਾਈਆਂ ਤੋਂ ਛੁਟਕਾਰਾ ਮਿਲਿਆ ਨਾਭਾ 21, ਜੂਨ : ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੀ ਐਮ ਦੀ ਯੋਗਸ਼ਾਲਾ ਤਹਿਤ ਅਗਰਸੈਨ ਪਾਰਕ ਨਾਭਾ ਵਿਖੇ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ 500 ਤੋ ਵੱਧ ਲੋਕਾਂ ਨੇ ਮਿਲ ਕੇ ਯੋਗਾ ਕੀਤਾ ਅਤੇ ਆਪਣੀ ਸਿਹਤ ਸੰਭਾਲ ਅਤੇ ਮਾਨਸਿਕ ਸ਼ਕਤੀ ਨੂੰ ਤੰਦਰੁਸਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਨਾਭਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਖ਼ਾਸ ਤੌਰ ਤੇ ਬਠਿੰਡੀਆ ਮੁਹੱਲਾ, ਹੀਰਾ ਮਹਿਲ, ਕੈਂਟ ਰੋਡ, ਸਰਾਜਪੁਰ, ਕੋਟਕਲਾ, ਕਰਤਾਰ ਕਲੋਨੀ, ਮੇਹਸ ਗੇਟ, ਡਿਫੈਂਸ ਕਲੋਨੀ, ਸਿਲਵਰ ਸਿਟੀ, ਸ਼ਾਰਦਾ ਕਲੋਨੀ, ਨਾਗਰਾ ਚੌਕ ਅਤੇ ਅਗਰਸੈਨ ਪਾਰਕ ਵਿਚ ਯੋਗਾ ਕਲਾਸਾਂ ਕਰਵਾ ਰਹੇ ਯੋਗਾ ਟਰੇਨਰ ਰੁਚੀ ਬੱਤਾ, ਪ੍ਰੀਤੀ, ਮੌਜੀ ਅਤੇ ਮਮਤਾ ਵੱਲੋਂ ਦੱਸਿਆ ਗਿਆ ਕਿ ਯੋਗਾ ਸਬੰਧੀ ਲੋਕਾਂ ਵਿਚ ਕਾਫ਼ੀ ਉਤਸ਼ਾਹ ਹੈ ਅਤੇ ਲੋਕ ਆਪਣੀ ਸਿਹਤ ਸੰਭਾਲ ਲਈ ਰੋਜ਼ ਯੋਗਾ ਕਲਾਸ ਵਿਚ ਆਉਂਦੇ ਹਨ ਅਤੇ ਅੱਜ ਦਾ ਵੱਡਾ ਇਕੱਠ ਵੀ ਯੋਗਾ ਪ੍ਰਤੀ ਲੋਕਾਂ ਦੀ ਰੁਚੀ ਅਤੇ ਪਿਆਰ ਨੂੰ ਦਰਸਾਉਂਦਾ ਹੈ। ਇਸ ਦੌਰਾਨ ਯੋਗ ਕਰਨ ਆਏ ਸ਼ਹਿਰ ਵਾਸੀਆਂ ਨੇ ਯੋਗਾ ਸਬੰਧੀ ਆਪਣੇ ਵਿਚਾਰ ਦਿੰਦੇ ਹੋਏ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਲੋਕਾਂ ਨੂੰ ਕਈ ਤਰਾਂ ਦੀਆ ਬਿਮਾਰੀਆਂ ਅਤੇ ਦਵਾਈਆਂ ਤੋ ਛੁਟਕਾਰਾ ਮਿਲਿਆ ਹੈ ਅਤੇ ਉਹਨਾਂ ਦੀ ਜੀਵਨ ਸ਼ੈਲੀ ਵਿਚ ਵੀ ਕਾਫ਼ੀ ਸੁਧਾਰ ਆਇਆ ਹੈ ਜਿਸ ਲਈ ਉਹਨਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈl ਇਸ ਵਿੱਚ ਡੀ.ਐਮ.ਵਾਈ.ਐਸ ਦੇ ਵਿਦਿਆਰਥੀ ਵੀ ਸ਼ਾਮਲ ਹੋਏ| ਇਸ ਮੌਕੇ ਯੋਗਾ ਕੋਆਰਡੀਨੇਟਰ ਰਜਿੰਦਰ ਸਿੰਘ ਵੱਲੋਂ ਵੀ ਲੋਕਾਂ ਦਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ|