
ਡਿਜ਼ੀਟਲ ਵਿੱਤੀ ਸ਼ਾਖਰਤਾ ਲਈ ਮਹਿਲਾ ਸੂਖਮ ਉਦਮੀਆਂ ਦੀ ਮਜ਼ਬੂਤੀ ਵਜੋਂ ਪਿੰਡ ਸਤੌਜ ਤੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ
- by Jasbeer Singh
- January 7, 2025

ਡਿਜ਼ੀਟਲ ਵਿੱਤੀ ਸ਼ਾਖਰਤਾ ਲਈ ਮਹਿਲਾ ਸੂਖਮ ਉਦਮੀਆਂ ਦੀ ਮਜ਼ਬੂਤੀ ਵਜੋਂ ਪਿੰਡ ਸਤੌਜ ਤੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਡੀ. ਸੀ. ਸੰਦੀਪ ਰਿਸ਼ੀ ਦੀ ਮੌਜੂਦਗੀ ਵਿੱਚ ਮਾਤਾ ਹਰਪਾਲ ਕੌਰ ਤੇ ਮਨਪ੍ਰੀਤ ਕੌਰ ਨੇ ਕੀਤੀ ਸ਼ੁਰੂਆਤ ਗੁਰਮੁਖੀ ਭਾਸ਼ਾ ਵਿੱਚ ਤਿਆਰ ਮੋਬਾਈਲ ਐਪਲੀਕੇਸ਼ਨ ‘ਮੇਰਾਬਿੱਲਜ਼ ਐਪ’ ਲਾਂਚ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਕੀਤਾ ਗਿਆ ਸਾਂਝਾ ਉਦਮ ਸਤੌਜ/ਸੰਗਰੂਰ, 7 ਜਨਵਰੀ : ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਪੁਲਾਂਘ ਪੁੱਟੀ ਹੈ । ਸੰਗਰੂਰ ਪ੍ਰਸ਼ਾਸਨ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਡਿਜ਼ੀਟਲ ਵਿੱਤੀ ਸ਼ਾਖਰਤਾ ਲਈ ਮਹਿਲਾ ਸੂਖਮ ਉਦਮੀਆਂ ਦੀ ਮਜ਼ਬੂਤੀ ਵਜੋਂ ਪਿੰਡ ਸਤੌਜ ਤੋਂ ਪਾਇਲਟ ਪ੍ਰੋਜੈਕਟ ਆਰੰਭਿਆ ਹੈ, ਜਿਸ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਪਹਿਲ ਪ੍ਰੋਜੈਕਟ ਨਾਲ ਜੁੜੀਆਂ ਉੱਦਮੀ ਔਰਤਾਂ ਨੂੰ ਆਪਣੇ ਵਪਾਰ ਦਾ ਪੱਧਰ ਉੱਚਾ ਚੁੱਕਣ ਦੇ ਸਮਰੱਥ ਬਣਾਉਣ ਲਈ ਗੁਰਮੁਖੀ ਭਾਸ਼ਾ ਵਿੱਚ ਤਿਆਰ ਮੋਬਾਈਲ ਐਪਲੀਕੇਸ਼ਨ ‘ਮੇਰਾਬਿੱਲਜ਼ ਐਪ’ ਲਾਂਚ ਕੀਤੀ ਗਈ ਜਿਸ ਨਾਲ ਇਨ੍ਹਾਂ ਔਰਤਾਂ ਨੂੰ ਆਪਣਾ ਹਿਸਾਬ ਕਿਤਾਬ ਰੱਖਣ ਵਿਚ ਮਦਦ ਮਿਲੇਗੀ । ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਪੇਂਡੂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 3741 ਸਵੈ ਸਹਾਇਤਾ ਸਮੂਹ ਕਾਰਜਸ਼ੀਲ ਹਨ ਅਤੇ ਇਨ੍ਹਾਂ ਗਰੁੱਪਾਂ ਦੀਆਂ ਮਹਿਲਾ ਮੈਂਬਰ ਵੱਖ-ਵੱਖ ਉਤਪਾਦ ਆਪਣੇ ਹੱਥੀਂ ਤਿਆਰ ਕਰਕੇ ਵਿਕਰੀ ਕਰਦੇ ਹਨ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬੈਂਕਾਂ ਤੋਂ ਸਮੇਂ ਸਮੇਂ ’ਤੇ ਕਰਜ਼ੇ ਹਾਸਲ ਕਰਕੇ ਆਪਣੇ ਵਿੱਤੀ ਹਾਲਾਤ ਨੂੰ ਮਜ਼ਬੂਤ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਨਾਰੀ ਸ਼ਕਤੀ ਦੀ ਮਜ਼ਬੂਤੀ ਤਹਿਤ ਸੀ. ਐਸ. ਆਰ. ਤਹਿਤ ਪਹਿਲੇ ਪੜਾਅ ਵਜੋਂ ਜ਼ਿਲ੍ਹਾ ਸੰਗਰਰ ਦੀਆਂ ਕਰੀਬ 5 ਹਜ਼ਾਰ ਪੇਂਡੂ ਔਰਤਾਂ ਨੂੰ ‘ਮੇਰਾਬਿੱਲਜ਼ ਐਪ’ ਨਾਲ ਜੋੜਨ ਲਈ ਡਿਜ਼ੀਟਲ ਵਿੱਤੀ ਸਾਖਰਤਾ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਔਰਤਾਂ ਨੂੰ ਆਨਲਾਈਨ ਪ੍ਰਣਾਲੀ ਨਾਲ ਜੋੜ ਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪ ਨੂੰ ਔਰਤਾਂ ਦੇ ਵਿਸ਼ਾਲ ਹਿੱਤਾਂ ਦੇ ਸਨਮੁੱਖ ਤਿਆਰ ਕੀਤਾ ਗਿਆ ਹੈ । ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਅਹਿਮ ਉਪਰਾਲਾ ਹੈ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ । ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਤ ਜੈਨ ਨੇ ਦੱਸਿਆ ਕਿ ਮਹਿਲਾ ਸੂਖਮ ਉਦਮੀਆਂ ਨੂੰ ਆਪਣੇ ਵਪਾਰ ਦੇ ਵਿਸਥਾਰ ’ਚ ਸਮਰੱਥ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਤੌਜ ਵਿੱਚ ਉਨ੍ਹਾਂ ਦੀ ਕੰਪਨੀ ਵੱਲੋਂ ਕੁਝ ਹੋਰ ਨਿਵੇਕਲੀਆਂ ਪਹਿਲਕਦਮੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਸਰਕਾਰ ਕੋਲੋਂ ਸਤੌਜ ਜਾਂ ਨੇੜਲੇ ਪਿੰਡਾਂ ਵਿੱਚ ਮੀਆਂ ਵਾਕੀ ਜੰਗਲ ਤਿਆਰ ਕਰਨ ਲਈ ਲਗਭਗ 20 ਏਕੜ ਜ਼ਮੀਨ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸਤੌਜ ਵਿੱਚ ਈ-ਕਲਾਸਰੂਮ, ਹੁਨਰ ਵਿਕਾਸ ਕੇਂਦਰ, ਸਿਲਾਈ ਕੇਂਦਰ ਵੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਇਥੇ ਵੱਧ ਤੋਂ ਵੱਧ ਸਵੈ ਰੁਜ਼ਗਾਰ ਨੂੰ ਵੱਧ ਤੋਂ ਵੱਧ ਹੁੰਗਾਰਾ ਦਿੱਤਾ ਜਾ ਸਕੇ । ਸਮਾਗਮ ਦੌਰਾਨ ਮੇਰਾਬਿੱਲਸ ਐਪ ਦੇ ਸੀ. ਈ. ਓ. ਪੀਆ ਬਹਾਦੁਰ ਨੇ ਵੀ ਸੰਬੋਧਨ ਕੀਤਾ । ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਦੀ ਤਰਫੋਂ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਮਾਤਾ ਹਰਪਾਲ ਕੌਰ, ਮਨਪ੍ਰੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਲਈ ਮੁਹੱਈਆ ਕਰਵਾਏ ਗਏ 10 ਈ-ਰਿਕਸ਼ਾ ਵੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ । ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਦੁਆਰਾ ਕੀਤੇ ਗਏ ਸਮਾਨ ਦੇ ਸਟਾਲਾਂ ਦਾ ਵੀ ਨਿਰੀਖਣ ਕੀਤਾ ਅਤੇ ਮਹਿਲਾ ਸੂਖਮ ਉਦਮੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ । ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਖਚੈਨ ਸਿੰਘ ਪਾਪੜਾ, ਐਸ. ਡੀ. ਐਮ. ਪ੍ਰਮੋਦ ਸਿੰਗਲਾ, ਵੀ. ਐਸ. ਐਸ. ਐਲ. ਤੋਂ ਅਮਿਤ ਧਵਨ ਅਤੇ ਹਰਨੇਕ ਸਿੰਘ, ਸਰਪੰਚ ਸਤੌਜ ਹਰਬੰਸ ਸਿੰਘ, ਡੀ. ਪੀ. ਐਮ. ਸੌਰਭ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖਸੀਅਤਾਂ ਤੇ ਪਿੰਡ ਵਾਸੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.