
PM ਮੋਦੀ ਨੇ ਮਾਸਕੋ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਦੁਨੀਆ ਭਰ ਦੇ ਨੇਤਾਵਾਂ ਨੇ ਭੇਜੇ ਸ਼ੋਕ ਸੰਦੇਸ਼
- by Jasbeer Singh
- March 23, 2024

ਮਾਸਕੋ- ਰੂਸ ਦੀ ਰਾਜਧਾਨੀ ਮਾਸਕੋ ਦੇ ਉੱਤਰ ‘ਚ ਸਥਿਤ ਕ੍ਰਾਸਨੋਗੋਰਸਕ ‘ਚ ਕ੍ਰੋਕਸ ਸਿਟੀ ਕੰਸਰਟ ਹਾਲ ਦੇ ਅੰਦਰ ਹੋਏ ਵੱਡੇ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ, ਜਦਕਿ 115 ਜ਼ਖਮੀਆਂ ‘ਚੋਂ 60 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਕਈ ਨੇਤਾਵਾਂ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਰੂਸ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਹੈ।ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਅਸੀਂ ਮਾਸਕੋ ਵਿੱਚ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਦੁੱਖ ਦੀ ਇਸ ਘੜੀ ਵਿੱਚ, ਭਾਰਤ ਰੂਸੀ ਸੰਘ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਜੁਟਤਾ ਵਿੱਚ ਖੜ੍ਹਾ ਹੈ।’ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸਕੱਤਰ-ਜਨਰਲ ਦੇ ਉਪ ਬੁਲਾਰੇ, ਫਰਹਾਨ ਹੱਕ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਮਾਸਕੋ ਦੇ ਬਾਹਰ ਇੱਕ ਸੰਗੀਤ ਸਮਾਰੋਹ ਹਾਲ ਵਿੱਚ ਹੋਏ ਅੱਤਵਾਦੀ ਹਮਲੇ ਦੀ “ਸਖਤ ਸ਼ਬਦਾਂ ਵਿੱਚ ਨਿੰਦਾ” ਕਰਦਾ ਹੈ।ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਸਕੱਤਰ ਜਨਰਲ ਨੇ ਦੁਖੀ ਪਰਿਵਾਰਾਂ ਅਤੇ ਰੂਸ ਦੀ ਜਨਤਾ ਅਤੇ ਸਰਕਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਕਿਹਾ, ‘ਕਿਊਬਾ ਮਾਸਕੋ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹੈ।’ ਉਨ੍ਹਾਂ ਨੇ ਰੂਸੀ ਸਰਕਾਰ ਅਤੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ “ਬੇਕਸੂਰ ਨਾਗਰਿਕਾਂ ‘ਤੇ ਬੇਰਹਿਮੀ ਨਾਲ ਹਥਿਆਰਬੰਦ ਹਮਲੇ” ਦੀ ਨਿੰਦਾ ਕੀਤੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸੰਘ ਦੇ ਲੋਕਾਂ ਨੂੰ ਇਕਜੁੱਟਤਾ ਦਾ ਸੰਦੇਸ਼ ਭੇਜਿਆ। ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਏਵ ਨੇ ਕਿਹਾ, ‘ਕਜ਼ਾਕਿਸਤਾਨ ਮਾਸਕੋ ਵਿੱਚ ਨਾਗਰਿਕਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ। ਕੋਈ ਵੀ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।ਉਨ੍ਹਾਂ ਕਿਹਾ, ਜੇਕਰ ਲੋੜ ਪਈ ਤਾਂ ਕਜ਼ਾਕਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਰੂਸ ਦੀ ਮਦਦ ਕਰ ਸਕਦੀਆਂ ਹਨ।