

ਪੁਲਸ ਬਲ ਕੰਮ ਦਾ ਬੋਝ ਘਟਾਉਣ ਲਈ ਤਕਨਾਲੋਜੀ ਵਰਤਣ : ਮੋਦੀ ਭੁਬਨੇਸ਼ਵਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਫਰਾਡ, ਸਾਈਬਰ ਅਪਰਾਧਾਂ ਤੇ ਏ. ਆਈ. ਤਕਨਾਲੋਜੀ ਖਾਸ ਕਰਕੇ ਡੀਪਫੇਕ ਕਰਕੇ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਅਸਰਅੰਦਾਜ਼ ਹੋਣ ਦੇ ਸੰਭਾਵੀ ਖ਼ਤਰਿਆਂ ਉੱਤੇ ਫ਼ਿਕਰ ਜਤਾਇਆ ਹੈ। ਡੀਜੀਪੀ’ਜ਼ ਤੇ ਆਈ. ਜੀ. ਪੀਜ਼ ਦੀ 59ਵੀਂ ਆਲ ਇੰਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲੀਸ ਬਲਾਂ ਉੱਤੇ ਕੰਮ ਦਾ ਬੋਝ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਰੋਤਾਂ ਦੀ ਵੰਡ ਲਈ ਪੁਲੀਸ ਥਾਣਿਆਂ ਨੂੰ ਫੋਕਲ ਪੁਆਇੰਟ ਬਣਾਇਆ ਜਾਵੇ। ਸ੍ਰੀ ਮੋਦੀ ਨੇ ਕਿਹਾ ਕਿ ਕਾਨਫਰੰਸ ਵਿਚ ਸੁਰੱਖਿਆ ਚੁਣੌਤੀਆਂ ਦੇ ਕੌਮੀ ਤੇ ਕੌਮਾਂਤਰੀ ਪਾਸਾਰ ਬਾਰੇ ਵਿਆਪਕ ਵਿਚਾਰ ਚਰਚਾ ਕੀਤੀ ਗਈ ਹੈ । ਉਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਕਾਨਫਰੰਸ ਦੌਰਾਨ ਉਭਰੀਆਂ ਰਣਨੀਤੀਆਂ ਉੱਤੇ ਤਸੱਲੀ ਜਤਾਈ । ਪ੍ਰਧਾਨ ਮੰਤਰੀ ਨੇ ਪੁਲੀਸ ਲੀਡਰਸ਼ਿਪ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਐਸਪੀਰੇਸ਼ਨਲ ਇੰਡੀਆ ਦੀ ਡਬਲ ਏਆਈ ਪਾਵਰ ਦੀ ਵਰਤੋਂ ਕਰਕੇ ਇਸ ਚੁਣੌਤੀ ਨੂੰ ਮੌਕੇ ਵਜੋਂ ਲੈਣ। ਸ਼ਹਿਰੀ ਪੁਲੀਸਿੰਗ ਵਿਚ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਸੁਝਾਅ ਦਿੱਤਾ ਕਿ ਹਰੇਕ ਪਹਿਲਕਦਮੀ ਨੂੰ 100 ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਨਾਲ ਜੋੜਿਆ ਅਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸਮਾਰਟ ਪੁਲੀਸਿੰਗ ਦੇ ਮੰਤਰ ਦਾ ਘੇਰਾ ਵਧਾਉਂਦਿਆਂ ਪੁਲੀਸ ਨੂੰ ਰਣਨੀਤਕ, ਸੁਚੇਤ, ਅਨੁਕੂਲ, ਇਤਬਾਰੀ ਤੇ ਪਾਰਦਰਸ਼ੀ ਬਣਾਉਣ ਦਾ ਸੱਦਾ ਦਿੱਤਾ । ਸ੍ਰੀ ਮੋਦੀ ਨੇ ਸਮਾਰਟ ਪੁਲੀਸਿੰਗ ਦਾ ਵਿਚਾਰ ਪਹਿਲੀ ਵਾਰ ਗੁਹਾਟੀ ਵਿਚ 2014 ਦੀ ਕਾਨਫਰੰਸ ਦੌਰਾਨ ਦਿੱਤਾ ਸੀ। ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਡੀਜੀਪੀ ਤੇ ਆਈਜੀਪੀ ਰੈਂਕ ਦੇ 250 ਦੇ ਕਰੀਬ ਅਧਿਕਾਰੀ ਸ਼ਾਮਲ ਹੋਏ ਜਦੋਂ ਕਿ 750 ਹੋਰਨਾਂ ਨੇ ਵਰਚੁਅਲ ਹਾਜ਼ਰੀ ਭਰੀ । ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸਣੇ ਹੋਰ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.