post

Jasbeer Singh

(Chief Editor)

Patiala News

ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਸਾਉਣੀ ਦੀਆਂ ਫਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ

post-img

ਪਟਿਆਲਾ, 22 ਮਾਰਚ (ਜਸਬੀਰ)-ਪੀ.ਏ.ਯੂ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਕਰਤ ਕੀਤੀ। ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫਾ ਚੰਗਾ’ ਦੇ ਉਦੇਸ਼ ਨਾਲ ਲਗਾਏ ਗਏ ਕਿਸਾਨ ਮੇਲੇ ਵਿੱਚ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਮਰੀਕਾ ਤੋਂ ਅਗਾਂਹਵਧੂ ਕਿਸਾਨ ਮਿਜ਼ ਹੋਪ ਪਜਿਸਕੀ ਵੀ ਸ਼ਾਮਿਲ ਹੋਏ। ਇਸ ਮੌਕੇ ਬੀਜ ਵਿੱਕਰੀ ਕੇਂਦਰ, ਖੇਤ ਨੁਮਾਇਸ਼ਾਂ ਅਤੇ ਪ੍ਰਦਰਸ਼ਨੀਆਂ ਤੇ ਕਿਸਾਨਾਂ ਦੇ ਠਾਠਾਂ ਮਾਰਦੇ ਸਮੁੰਦਰ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਕਿਸਾਨੀ ਨੂੰ ਉੱਚਾ ਚੁੱਕਣ ਲਈ ਪੀ.ਏ.ਯੂ. ਹਮੇਸ਼ਾਂ ਹੀ ਤਤਪਰ ਰਹਿੰਦੀ ਹੈ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਜਾਂਦੀਆਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾਹ ਵਿਸ਼ਵਾਸ਼ ਸਾਡੇ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਹੌਸਲਾ ਅਫਜ਼ਾਈ ਕਰਦਾ ਹੈ। ਕਿਸਾਨ ਮੇਲਿਆਂ ਨੂੰ ਇੱਕ ਦੂਜੇ ਕੋਲੋਂ ਸਿੱਖਣ ਸਿਖਾਉਣ ਦਾ ਵਧੀਆ ਮੌਕਾ ਦੱਸਦਿਆਂ ਉਹਨਾਂ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਕਿਸਾਨ ਮੇਲੇ ਦੇ ਉਦੇਸ਼ ਮੁਤਾਬਿਕ ਨਿਰੰਤਰ ਆਮਦਨ ਲਈ ਵੱਧ ਤੋਂ ਵੱਧ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਕਿਹਾ। ਪਿਛਲੇ ਸਾਲ ਹੜ੍ਹਾਂ ਦੇ ਬਾਵਜੂਦ ਝੋਨੇ ਦਾ ਝਾੜ 4 ਲੱਖ ਟਨ ਵੱਧ ਰਿਹਾ ਹੋਣ ਦਾ ਸਿਹਰਾ ਉਹਨਾਂ ਨੇ ਖੇਤੀ ਮਾਹਿਰਾਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ ਸਿਰ ਬੰਨਦਿਆਂ ਇਸ ਵਾਰ ਝੋਨੇ ਦੀਆਂ ਪੀ ਆਰ-126 ਅਤੇ ਪੀ ਆਰ-131 ਕਿਸਮਾਂ ਦੀ ਕਾਸ਼ਤ ਦੀ ਸਿਫਾਰਸ਼ ਕੀਤੀ। ਘਰੇਲੂ ਲੋੜਾਂ ਵਾਸਤੇ ਸਬਜ਼ੀਆਂ ਅਤੇ ਫਲਾਂ ਲਈ ਪੌਸ਼ਿਟਕ ਬਗੀਚੀ ਲਗਾਉਣ ਦਾ ਸੁਝਾਅ ਦਿੰਦਿਆਂ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਸਬਜ਼ੀਆਂ, ਚਾਰੇ, ਤੇਲ ਬੀਜ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖ੍ਰੀਦਣ ਦੀ ਸਿਫਾਰਸ਼ ਕੀਤੀ। ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫਾਰਸ਼ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਨਿਜਾਤ ਮਿਲੇਗੀ ਅਤੇ ਜਲ ਸੋਮਿਆਂ ਦੀ ਵੀ ਬੱਚਤ ਹੋ ਸਕੇਗੀ। ਸੰਘਰਸ਼ ਕਰਕੇ ਬਾਹਰਲੇ ਮੁਲਕਾਂ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਪੰਜਾਬੀ ਕਿਸਾਨਾਂ ਦਾ ਹਵਾਲਾ ਦਿੰਦਿਆਂ ਡਾ. ਗੋਸਲ ਨੇ ਕਿਹਾ ਕਿ ਕਿਰਤ ਅਤੇ ਕਿਰਸ ਦੇ ਨਾਲ-ਨਾਲ ਪੀ.ਏ.ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਇੰਨਕੂਬੇਸ਼ਨ ਸੈਂਟਰ ਨਾਲ ਜੁੜ ਕੇ ਜਿਣਸਾਂ ਦਾ ਮੁੱਲ ਵਾਧਾ ਕਰਕੇ ਖੇਤੀ ਨੂੰ ਖੇਤੀ ਕਾਰੋਬਾਰ ਵਿੱਚ ਬਦਲ ਕੇ ਹੀ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਖੇਤੀ ਧੰਦੇ ਨਾਲ ਜੋੜ ਸਕਾਂਗੇ। ਪੀ.ਏ.ਯੂ ਦੀਆਂ ਖੇਤੀ ਸਿਫਾਰਸ਼ਾਂ ਬਾਰੇ ਨਿਰੰਤਰ ਜਾਣਕਾਰੀ ਹਾਸਿਲ ਕਰਨ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਕਿਊ ਆਰ ਕੋਡ ਸਕੈਨ ਕਰਕੇ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਨਾਲ ਜੁੜਣ ਦੀ ਅਪੀਲ ਕੀਤੀ। ਇਸ ਮੌਕੇ ਖੇਤੀ ਨੂੰ ਪੰਜਾਬ ਦੀ ਆਣ-ਸ਼ਾਨ ਅਤੇ ਪਹਿਚਾਣ ਦੱਸਦਿਆਂ ਡਾ. ਹਰਜਿੰਦਰ ਸਿੰਘ ਬੇਦੀ ਨੇ ਪੰਜਾਬ ਭਰ ਵਿੱਚ ਕਿਸਾਨ ਮੇਲਿਆਂ ਰਾਹੀਂ ਨਵੇਂ ਦਿਸ਼ਾ ਨਿਰਦੇਸ਼ ਦੇਣ ਲਈ ਪੀ.ਏ.ਯੂ. ਮਾਹਿਰਾਂ ਦੀ ਤਾਰੀਫ ਕਰਦਿਆਂ ਖੇਤੀ ਨੂੰ ਸਦਾਬਹਾਰ ਕਿੱਤੇ ਵਜੋਂ ਪ੍ਰਫੁੱਲਤ ਕਰਨ ਲਈ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੁੜਣ ਦੀ ਅਪੀਲ ਕੀਤੀ। ਸਬਜ਼ੀਆਂ ਅਤੇ ਫ਼ਲਾਂ ਰਾਹੀਂ ਪੋਸ਼ਟਿਕਤਾ ਵਧਾਉੇਣ ਦੀ ਸਿਫਾਰਸ਼ ਕਰਦਿਆਂ ਉਹਨਾਂ ਨੇ ਜੈਵਿਕ ਖੇਤੀ ਵੱਲ ਮੁੜਣ ਤੇ ਜ਼ੋਰ ਦਿੰਦਿਆਂ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਜਾਂਦੀਆਂ ਖੇਤੀ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਨਾਉਣ ਲਈ ਕਿਹਾ। ਇਸ ਮੌਕੇ ਡਾ. ਗੁਰਜੀਤ ਸਿੰਘ ਮਾਂਗਟ, ਅਪਰ ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਜਲਵਾਯੂ ਪਰਿਵਰਤਨ ਨਾਲ ਖੇਤਬਾੜੀ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਨ ਲਈ ਯੂਨੀਵਰਸਿਟੀ ਵੱਲੋਂ ਮੌਜੂਦਾ ਸਮੇਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ 7 ਨਵੀਆਂ ਕਿਸਮਾਂ, 10 ਫ਼ਸਲ ਉਤਪਾਦਨ ਤਕਨੀਕਾਂ, 9 ਪੌਦ ਸੁਰੱਖਿਆ ਅਤੇ 4 ਪ੍ਰੌਸੈਸਿੰਗ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਖੇਤੀ ਮਾਹਿਰਾਂ ਵੱਲੋਂ ਹੁਣ ਤੱਕ ਫ਼ਸਲਾਂ ਦੀਆਂ 950 ਤੋਂ ਵੱਧ ਕਿਸਮਾਂ ਵਿਕਸਤ ਅਤੇ ਹਜ਼ਾਰਾਂ ਤਕਨੀਕਾਂ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ। ਡਾ. ਮਾਂਗਟ ਨੇ ਖੇਤੀ ਮਾਹਿਰਾਂ ਵੱਲੋਂ ਝੋਨੇ ਦੀਆਂ ਘੱਟ ਸਮਾਂ ਲੈਣ ਅਤੇ ਵੱਧ ਝਾੜ ਦੇਣ ਵਾਲੀਆਂ ਵਿਕਸਿਤ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਬਾਸਮਤੀ ਦੀ ਨਵੀਂ ਕਿਸਮ ਪੂਸਾ ਬਾਸਮਤੀ-1847 ਦੇ ਇਲਾਵਾ ਚਾਰਾ ਮੱਕੀ ਜੇ-1008, ਬਾਜਰੇ ਦੀ ਦਾਣਿਆਂ ਵਾਲੀ ਕਿਸਮ ਪੀ.ਸੀ.ਬੀ-167 ਅਤੇ ਮੋਟੇ ਅਨਾਜਾਂ ਦੀ ਕਿਸਮ ਪੰਜਾਬ ਚੀਨਾ-1, ਬੈਂਗਣਾਂ ਦੀ ਹਾਈਬਿ੍ਰਡ, ਤਰਬੂਜ਼ ਦੀ ਨਵੀਂ ਕਿਸਮ ਪੰਜਾਬ ਮਿਠਾਸ-1, ਖਰਬੂਜ਼ੇ ਵਿੱਚ ਬੌਬੀ ਵੰਨਗੀ ਦੀ ਪੰਜਾਬ ਅੰਮਿ੍ਰਤ ਤੋਂ ਇਲਾਵਾ ਜਾਮਣਾਂ ਦੀਆਂ ਨਵੀਆਂ ਕਿਸਮਾਂ ਕੋਕਣ ਅਤੇ ਗੋਮਾ ਦਾ ਵੀ ਜ਼ਿਕਰ ਕੀਤਾ। ਜ਼ਮੀਨਾਂ ਪੱਧਰ ਕਰਕੇ ਮਲਚਿੰਗ ਵਿਧੀ ਰਾਹੀਂ ਕਣਕ ਬੀਜਣ ਦੀ ਸਿਫਾਰਸ਼ ਕਰਦਿਆਂ ਡਾ. ਮਾਂਗਟ ਨੇ ਛੱਪੜਾਂ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਅਤੇ ਮੋਟੇ ਅਨਾਜਾਂ ਤੋਂ ਵੱਖ-ਵੱਖ ਕਿਸਮ ਦੇ ਪਦਾਰਥ ਤਿਆਰ ਕਰਨ ਦੀਆਂ ਪ੍ਰੋਸੈਸਿੰਗ ਤਕਨੀਕਾਂ ਦੇ ਨਾਲ-ਨਾਲ ਡਰੋਨ ਅਤੇ ਮਸ਼ੀਨੀ ਬੋਧਿਕਤਾ ਰਾਹੀਂ ਖੇਤੀ ਕਰਨ ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨ ਮੇਲੇ ਵਿੱਚ ਸ਼ਿਕਰਤ ਕਰ ਰਹੇ ਪਤਵੰਤਿਆਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ। ਪੀ.ਏ.ਯੂ. ਦੇ ਮਹੀਨਾਵਾਰ ਖੇਤੀ ਰਸਾਲੇ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਤਾਕੀਦ ਕਰਦਿਆਂ ਡਾ. ਭੁੱਲਰ ਨੇ ਖੇਤੀਬਾੜੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਅਤੇ ਹਾੜ੍ਹੀ/ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫਾਰਸ਼ਾਂ ਪੁਸਤਕਾਂ ਨੂੰ ਪੜ੍ਹਣ, ਮਿੱਟੀ ਅਤੇ ਪਾਣੀ ਦੀ ਪਰਖ ਕਰਵਾ ਕੇ ਖਾਦਾਂ ਅਤੇ ਹੋਰ ਲਾਗਤਾਂ ਦੀ ਸੁਯੋਗ ਵਰਤੋਂ ਕਰਨ ਦੀ ਸਿਫਾਰਸ਼ ਕੀਤੀ। ਕਣਕ ਝੋਨੇ ਦੇ ਰਿਵਾੲਤੀ ਫ਼ਸਲੀ ਚੱਕਰ ਹੇਠ ਰਕਬੇ ਨੂੰ ਘਟਾ ਕੇ ਖੇਤੀ ਵੰਨ-ਸੁਵੰਨਤਾ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਉਹਨਾਂ ਨੇ ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਡੇਅਰੀ ਪਾਲਣ, ਮੁਰਗੀ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਅਪਣਾਉ ਲਈ ਕਿਹਾ। ਇਸ ਮਨੋਰਥ ਨੂੰ ਪੂਰਿਆਂ ਕਰਨ ਲਈ ਉਹਨਾਂ ਨੇ ਪੰਜਾਬ ਭਰ ਵਿੱਚ ਪੀ.ਏ.ਯੂ. ਦੇ 18 ਕਿ੍ਰਸ਼ੀ ਵਿਗਿਆਨ ਕੇਂਦਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਿਖਲਾਈਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਂਦਰ, ਰੌਣੀ ਦੇ ਮਾਹਿਰਾਂ ਅਤੇ ਪੀ.ਏ.ਯੂ. ਅਧਿਕਾਰੀਆਂ ਵੱਲੋਂ ਡਾ. ਸਤਿਬੀਰ ਸਿੰਘ ਗੋਸਲ ਅਤੇ ਡਾ. ਹਰਜਿੰਦਰ ਸਿੰਘ ਬੇਦੀ ਦਾ ਵਿਸ਼ੇਸ ਮਾਣ ਸਨਮਾਨ ਵੀ ਕੀਤਾ ਗਿਆ। ਵੱਖ-ਵੱਖ ਉੱਦਮਾਂ ਅਤੇ ਖੇਤੀ ਵਿੱਚ ਵਿਸ਼ੇਸ਼ ਮੱਲਾਂ ਮਾਰਣ ਵਾਲੇ ਅਗਾਂਹਵਧੂ ਕਿਸਾਨਾਂ; ਹਰਪ੍ਰੀਤ ਕੌਰ ਪਿੰਡ ਅਲੋਹਰਾਂ, ਸੁਖਦੇਵ ਸਿੰਘ ਪਿੰਡ ਮੀਰਾਂਪੁਰ, ਪ੍ਰਦੀਪ ਸਿੰਘ ਪਿੰਡ ਬਿਰੜਵਾਲ, ਨਰਿੰਦਰ ਸਿੰਘ ਪਿੰਡ ਦਿੱਤੂਪੁਰ, ਹਰਜੀਤ ਕੌਰ ਪਿੰਡ ਰੋੜਗੜ੍ਹ, ਗੁਰਪ੍ਰੀਤ ਸਿੰਘ ਪਿੰਡ ਗੰਡਾਖੇੜੀ, ਲਖਵਿੰਦਰ ਸਿੰਘ ਪਿੰਡ ਕਲਿਆਣ, ਗੁਰਦਾਸ ਸਿੰਘ ਪਿੰਡ ਕਲੇਰ, ਮਹੇਸ਼ ਕੁਮਾਰ ਪਿੰਡ ਕਲਿਆਣ ਤੋਂ ਇਲਾਵਾ ਆਲ ਇੰਡੀਆ ਰੇਡੀਓ, ਪਟਿਆਲਾ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਣ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵਿਕਸਤ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਲਾਗਤਾਂ ਨੂੰ ਘਟਾ ਕੇ ਸ਼ੁੱਧ ਮੁਨਾਫਾ ਵਧਾਇਆ ਜਾ ਸਕੇ। ਡਾ. ਗੁਰਉਪਦੇਸ਼ ਕੌਰ, ਇੰਚਾਰਜ ਕੇ.ਵੀ.ਕੇ. ਪਟਿਆਲਾ ਨੇ ਧੰਨਵਾਦ ਦੇ ਸ਼ਬਦ ਕਹੇ।   

Related Post