

ਪਿਆਰ ਸਤਿਕਾਰ ਹਮਦਰਦੀ ਤੋਂ ਬਿਨਾਂ ਜੀਵਨ ਤਬਾਹ ਪਟਿਆਲਾ, 23 ਜੁਲਾਈ 2025 : ਪੰਜਾਬ ਦੇ ਇੱਕ ਫ਼ਿਲਮੀ ਐਕਟਰ ਨੇ ਦੱਸਿਆ ਕਿ ਜਦੋਂ ਉਹ ਪਿੰਡ ਵਿੱਚ, ਆਪਣੇ ਪਰਿਵਾਰ ਨਾਲ ਰਹਿੰਦੇ ਸੀ ਤਾਂ ਪਿੰਡ ਦੇ ਹਰੇਕ ਬਜ਼ੁਰਗ, ਔਰਤ ਨੂੰ ਤਾਇਆਂ ਜੀ, ਤਾਈਂ ਜੀ, ਜਾਂ ਚਾਚਾ ਜੀ, ਚਾਚੀ ਜੀ ਵਜੋਂ ਸਤਿਕਾਰ ਦਿੰਦੇ ਸੀ ਅਤੇ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾਇਆ ਕਰਦੇ ਸਨ, ਬੱਚੇ ਨੋਜਵਾਨ, ਨੂੰਹਾਂ ਉਨ੍ਹਾਂ ਤੋਂ ਡਰਦੇ ਵੀ ਬਹੁਤ ਸੀ। ਜਦੋਂ ਪੈਰੀ ਹੱਥ ਲਗਾਇਆ ਜਾਂਦਾ ਤਾਂ ਵਡਿਆ ਵਲੋਂ ਪਿਆਰ, ਸਤਿਕਾਰ ਨਾਲ ਸਿਰ ਪਲੋਸਦਿਆਂ ਅਸੀਸਾਂ, ਦੂਆਵਾ ਦਿੱਤੀਆਂ ਜਾਂਦੀਆਂ ਸਨ। ਮਾਂ ਪਿਓ ਅਤੇ ਬਜ਼ੁਰਗ, ਗੁਰੂਆਂ ਅਵਤਾਰਾਂ ਰਿਸ਼ੀਆਂ ਮੁਨੀਆਂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਹੋਏ ਕਿਹਾ ਕਰਦੇ ਸਨ ਕਿ ਅਸ਼ੀਰਵਾਦ, ਦੂਆਵਾ, ਧੰਨਵਾਦ, ਨਿਮਰਤਾ, ਸ਼ਹਿਣਸ਼ੀਲਤਾ, ਮਿੱਠਾ ਬੋਲਣ ਨਾਲ ਜ਼ਿੰਦਗੀ, ਘਰ ਪਰਿਵਾਰ ਮੱਹਲੇ ਕਾਰੋਬਾਰ ਵਿੱਚ ਖ਼ੁਸ਼ਹਾਲੀ ਉਨਤੀ ਅਤੇ ਬਰਕਤਾਂ ਹੁੰਦੀਆਂ ਹਨ। ਸੰਕਟ ਸਮੇਂ ਸਾਰੇ ਮਦਦ ਵੀ ਕਰਦੇ ਹਨ । ਸਕੂਲ ਜਾਣ ਤੋਂ ਪਹਿਲਾਂ ਆਪਣੇ ਘਰ ਪਰਿਵਾਰ ਦੇ ਬਜ਼ੁਰਗਾਂ, ਮਾਤਾ ਪਿਤਾ ਦੇ ਪੈਰੀਂ ਹੱਥ ਲਗਾਕੇ ਹੀ ਜਾਇਆ ਕਰਦੇ ਸਨ । ਸਕੂਲ ਦੇ ਅੰਦਰ ਵੜਨ ਤੋਂ ਪਹਿਲਾਂ ਗੇਟ ਤੇ ਮੱਥਾ ਟੇਕਿਆ ਕਰਦੇ ਅਤੇ ਸਾਰੇ ਅਧਿਆਪਕਾਂ ਦੇ ਵੀ ਪੈਰੀਂ ਹੱਥ ਲਾਇਆ ਕਰਦੇ ਸਨ । ਜ਼ੋ ਵੀ ਘਰ ਵਿੱਚ ਭੋਜਨ ਤਿਆਰ ਹੁੰਦਾ, ਸਾਰੇ ਜ਼ਮੀਨ ਤੇ ਬੈਠ ਕੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ, ਗ੍ਰਹਿਣ ਕਰਦੇ ਸਨ। ਭੋਜਨ ਪਾਣੀ, ਕਦੇ ਵੀ ਜੂਠਾ ਨਹੀਂ ਛਡਿਆ ਜਾਂਦਾ ਸੀ ਕਿਉਂਕਿ ਇਸ ਨਾਲ ਅੰਨ ਅਤੇ ਜਲ ਦੇਵਤਾ ਦਾ ਅਨਾਦਰ ਹੁੰਦਾ ਹੈ। ਗਾਂ ਕੁੱਤੇ ਅਤੇ ਬਾਹਰੋਂ ਆਏ ਹਰ ਇਨਸਾਨ ਨੂੰ ਤਾਜ਼ਾ ਭੋਜਨ ਤਿਆਰ ਕਰਕੇ ਦਿੱਤਾ ਜਾਂਦਾ ਸੀ । ਰਾਤਾਂ ਨੂੰ ਵਿਹੜੇ ਵਿਚ ਜਾਂ ਕੋਠਿਆਂ ਤੇ ਮੰਜੇ ਢਾਹਕੇ ਸਾਰੇ ਇਕੋਂ ਥਾਂ, ਬਜ਼ੁਰਗਾਂ ਤੋ ਗੁਰੂਆਂ ਅਵਤਾਰਾਂ ਰਿਸ਼ੀਆਂ ਮੁਨੀਆਂ ਪਰੀਆਂ ਦੀਆਂ ਕਹਾਣੀਆਂ, ਰਮਾਇਣ ਮਹਾਂਭਾਰਤ ਅਤੇ ਗੁਰੂਆਂ ਦੀਆਂ ਸਾਖੀਆਂ ਸੁਣਕੇ ਹੀ ਸੋਂਦੇ ਸਨ । ਰਾਤ ਨੂੰ ਜੇਕਰ ਕਿਸੇ ਨੂੰ ਖਾਂਸੀ ਛੀਕਾ ਆਉਂਦੀਆਂ ਤਾਂ ਸਾਰੇ ਉਠਕੇ ਉਸਦੀ ਮਦਦ ਕਰਦੇ ਸਨ। ਪਿੰਡ ਵਿੱਚ ਕਿਸੇ ਲੜਕੀ ਜਾਂ ਲੜਕੇ ਦੀ ਸ਼ਾਦੀ ਸਮੇਂ ਸਾਰੇ ਪਿੰਡ ਵਾਸੀ ਮਦਦ ਕਰਦੇ ਸਨ। ਮਹਿਮਾਨਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਠਹਿਰਿਆ ਜਾਂਦਾ ਸੀ। ਵਿਆਹ ਮਗਰੋਂ ਜਦੋਂ ਲੜਕੀ ਆਪਣੇ ਪਤੀ ਨਾਲ ਪਿੰਡ ਆਉਂਦੀ ਤਾਂ ਸਾਰੇ ਪਿੰਡ ਵਾਲੇ ਲੜਕੀ ਅਤੇ ਜਵਾਈ ਨੂੰ ਸਨਮਾਨ ਦਿਆਂ ਕਰਦੇ ਸਨ। ਭਾਵ ਪਿੰਡ ਇੱਕ ਪਰਿਵਾਰ ਵਾਂਗ ਸੀ । ਕਿਸੇ ਦੇ ਬਿਮਾਰ ਹੋਣ ਤੇ ਸਾਰੇ ਪਿੰਡ ਵਾਸੀ ਖ਼ਬਰ ਲੈਣ ਜਾਂਦੇ ਅਤੇ ਆਪਣੇ ਨਾਲ ਫਲ, ਭੋਜਨ ਪਾਣੀ ਵੀ ਲੈਕੇ ਜਾਂਦੇ ਸਨ । ਮਾਤਾ ਪਿਤਾ ਜੀ ਜਦੋਂ ਆਪਣੀ ਲੜਕੀ ਦੇ ਸੋਹਰੇ ਘਰ ਜਾਂਦੇ ਤਾਂ ਉਸ ਘਰ ਦਾ ਪਾਣੀ ਵੀ ਨਹੀਂ ਪੀਦੇ ਸਨ ਕੇਵਲ 30/40 ਮਿੰਟ ਬੈਠਕੇ ਹਾਲ ਚਾਲ ਪੁੱਛਦੇ ਅਤੇ ਵਾਪਸ ਆ ਜਾਂਦੇ ਸਨ। ਕਿਉਂਕਿ ਉਨ੍ਹਾਂ ਵਲੋਂ ਲੜਕੀ ਦੇ ਸੋਹਰਿਆ ਨਾਲ ਕੋਈ ਸਕਾਇਤ ਨਹੀਂ ਸਗੋਂ ਉਨ੍ਹਾਂ ਦਾ ਸਨਮਾਨ ਰਖਿਆ ਜਾਂਦਾ ਸੀ। ਇੱਕ ਦੂਜੇ ਨੂੰ ਮਿਲਣ ਤੇ ਇੱਕ ਆਪਣੇ ਪਣ ਦਾ ਅਨੰਦ ਸਨਮਾਨ ਖੁਸ਼ੀਆਂ ਮਹਿਸੂਸ ਹੁੰਦੀਆਂ ਸਨ। ਜਿਸ ਕਰਕੇ ਇੱਕ ਦੂਜੇ ਨੂੰ ਮਿਲਣ , ਪੱਤਰ ਲਿਖਣ, ਫੋਨ ਕਰਨ ਦੀ ਲਾਲਸਾ ਬਣੀ ਰਹਿੰਦੀ ਸੀ ਪਰ ਅਜ ਦੇ ਸਮੇਂ ਵਿੱਚ ਰਿਸ਼ਤੇਦਾਰ, ਪੜੋਸੀ ਅਤੇ ਅਣਜਾਣ ਲੋਕ, ਮਿਲਣ ਤੇ ਲੋਕਾਂ ਬੱਚਿਆਂ ਨੋਜਵਾਨਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਵਿੱਚ ਪਿਆਰ ਸਤਿਕਾਰ ਦੀ ਥਾਂ, ਨਫ਼ਰਤ ਅਤੇ ਅਧੂਰਾਪਣ ਮਹਿਸੂਸ ਕੀਤਾ ਜਾਂਦਾ ਹੈ । ਐਕਟਰ ਨੇ ਦੱਸਿਆ ਕਿ ਉਹ ਬੰਬਈ ਚਲਾ ਗਿਆ। ਪਿਤਾ ਦੀ ਮੌਤ ਮਗਰੋਂ, ਮਾਂ ਨੂੰ ਪਿੰਡ ਤੋਂ ਬੰਬਈ ਲੈ ਗਿਆ। ਮਾਂ ਨੂੰ ਇੱਕ ਕਮਰਾ ਸੋਣ ਲਈ ਦੇ ਦਿੱਤਾ। ਦਿਨ ਵੇਲੇ ਮਾਂ ਸਾਰਿਆਂ ਕੋਲ ਬੈਠਦੀ ਗਲਾਂ ਕਰਦੀ। ਐਕਟਰ ਦੀ ਪੜ੍ਹੀ ਲਿਖੀ ਪਤਨੀ ਅਤੇ ਬੱਚੇ, ਮਾਂ ਨਾਲ ਘਟ ਹੀ ਬੈਠਦੇ ਸਨ ਤਾਂ ਮਾਂ ਆਪਣੇ ਕਮਰੇ ਵਿੱਚ ਬੈਠਕੇ ਪਾਠ ਸਿਮਰਨ ਕਰਦੀ ਰਹਿੰਦੀ, ਬੱਚੇ ਟੈਲੀਵਿਜ਼ਨ ਦੇਖਦੇ ਰਹਿੰਦੇ। ਐਕਟਰ ਨੇ ਦੱਸਿਆ ਕਿ ਇੱਕ ਸਵੇਰ ਮਾਂ ਆਪਣੇ ਕਮਰੇ ਵਿੱਚੋਂ ਬਾਹਰ ਹੀ ਨਾ ਆਈਂ ਤਾਂ ਉਨ੍ਹਾਂ ਨੇ ਦਰਵਾਜਾ ਖੋਲ੍ਹ ਕੇ ਦੇਖਿਆ ਕਿ ਮਾਂ ਮਰੀ ਪਈ ਸੀ। ਸ਼ਾਇਦ ਉਹ ਰਾਤੀਂ ਤੰਗ ਪ੍ਰੇਸਾਨ ਹੋਈ ਹੋਵੇ, ਖਾਂਸੀ ਕੀਤੀ ਹੋਵੇ, ਚੀਕਾਂ ਜਾਂ ਆਵਾਜ਼ਾਂ ਵੀ ਮਾਰੀਆਂ ਹੋਣ ਪਰ ਘਰ ਦੇ ਕਮਰਿਆਂ ਦੀਆਂ ਦਿਵਾਰਾਂ ਵਿਚੋਂ ਮਾਂ ਦੀਆਂ ਚੀਕਾਂ, ਦੂਸਰੇ ਕਮਰਿਆਂ ਤੱਕ ਜਾ ਹੀ ਨਹੀਂ ਸਕੀਆਂ। ਹਮਦਰਦੀ ਸਤਿਕਾਰ ਸਨਮਾਨ ਪ੍ਰੇਮ ਦੀ ਕਮੀਂ ਹੋਣ ਕਾਰਨ ਕੋਈ ਸੁੱਤੇ ਪਿਆ ਨੂੰ ਕੋਈ ਉਠਕੇ ਦੇਖਦਾ ਵੀ ਨਹੀਂ । ਅਜ ਲੋਕਾਂ ਕੋਲ ਵਧੀਆ ਕੋਠੀਆਂ, ਮਕਾਨ ਹਨ ਪਰ ਸਾਰੇ ਆਪਣੇ ਆਪਣੇ ਬੰਦ ਕਮਰਿਆਂ ਵਿੱਚ ਕੈਦੀਆਂ ਵਾਂਗ ਡੱਕੇ ਹੋਏ ਹਨ ਜਿਨ੍ਹਾਂ ਨੂੰ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਬਾਰੇ ਵੀ ਕੋਈ ਹਮਦਰਦੀ, ਸਤਿਕਾਰ, ਸਨਮਾਨ, ਮਿਲਵਰਤਣ ਦੀ ਭਾਵਨਾ, ਵਿਚਾਰ, ਆਦਤਾਂ ਨਹੀਂ ਹਨ। ਮਹੱਲੇ ਕਾਲੋਨੀਆਂ ਵਿਖੇ ਤਾਂ ਕੋਈ ਕਿਸੇ ਨੂੰ ਜਾਨਦਾ ਪਹਿਚਾਨਦਾ ਹੀਨਹੀਂ ਅਤੇ ਨਾ ਹੀ ਮਿਲਵਰਤਣ ਹਨ। ਆਪਣੇ ਆਪਣੇ ਪ੍ਰੋਗਰਾਮ ਬੰਦ ਕਮਰਿਆਂ ਵਿੱਚ ਹੀ ਪਰਿਵਾਰਾਂ ਵਲੋਂ ਆਪੇ ਮਨਾ ਲੈ ਜਾਂਦੇ ਹਨ। ਕੇਵਲ ਕੁਝ ਕੁ, ਰਿਸ਼ਤੇ ਦੁਖੀ ਹੋ ਕੇ ਦਿਖਾਵੇ ਵਜੋਂ ਨਿਭਾਏ ਜਾ ਰਹੇ ਹਨ। ਜਦੋਂ ਤੱਕ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਾਤਾਵਰਣ ਵਿੱਚ ਦੂਜਿਆਂ ਪ੍ਰਤੀ ਪ੍ਰੇਮ ਹਮਦਰਦੀ ਸਤਿਕਾਰ ਸਨਮਾਨ ਇੱਜ਼ਤ ਨਹੀਂ, ਕੋਈ ਦੁਖ ਤਕਲੀਫ ਵਿੱਚ ਮਦਦਗਾਰ ਦੋਸਤ ਨਹੀਂ ਬਣਦੇ ਜਦਕਿ ਮੋਬਾਈਲਾਂ ਵਿੱਚ ਹਜ਼ਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਪੜੋਸੀਆਂ ਦੇ ਨੰਬਰ ਸੁਰਖਿਅਤ ਹਨ ।