ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ. ਕੇ. ਸ਼ਰਮਾ
- by Jasbeer Singh
- April 18, 2024
ਪਟਿਆਲਾ, 18 ਅਪ੍ਰੈਲ (ਜਸਬੀਰ)-ਸ੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ. ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਦਾ ਕੋਈ ਕਿਰਦਾਰ ਨਹੀਂ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਇਨ੍ਹਾਂ ਦਲਬਦਲੂਆਂ ਨੂੰ ਇਨ੍ਹਾਂ ਦੀਆਂ ਪਾਰਟੀਆਂ ਦੇ ਵਰਕਰ ਹੀ ਸਬਕ ਸਿਖਾਉਣ ਲਈ ਮੀਟਿੰਗਾਂ ਕਰ ਰਹੇ ਹਨ। ਐਨ. ਕੇ. ਸ਼ਰਮਾ ਆਪਣੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਅੱਜ ਸੁਤਰਾਣਾ, ਸਮਾਣਾ ਅਤੇ ਨਾਭਾ ਵਿੱਚ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਚਾਰ ਵਾਰ ਕਾਂਗਰਸ ਦੀ ਸਾਂਸਦ ਰਹੀ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ, ਪਰ ਜਦੋਂ ਕਾਂਗਰਸ ਦੀ ਹਾਲਤ ਖਰਾਬ ਹੋ ਗਈ ਤਾਂ ਦੋਵੇਂ ਪਤੀ-ਪਤਨੀ ਭਾਜਪਾ ਵਿੱਚ ਸਾਮਲ ਹੋ ਗਏ। ਪ੍ਰਨੀਤ ਕੌਰ ਅਜੇ ਵੀ ਕਾਂਗਰਸ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਚੋਣ ਲੜ ਰਹੀ ਹਨ। ਜੇਕਰ ਅੱਜ ਕਾਂਗਰਸ ਪਾਰਟੀ ਵ੍ਹੀਪ ਜਾਰੀ ਕਰੇ ਤਾਂ ਪ੍ਰਨੀਤ ਕੌਰ ਨੂੰ ਕਾਂਗਰਸ ਨਾਲ ਖੜ੍ਹਨਾ ਪਵੇਗਾ।ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਪ੍ਰਨੀਤ ਕੌਰ ਨੇ ਕਦੇ ਵੀ ਪਟਿਆਲਾ ਲੋਕ ਸਭਾ ਹਲਕੇ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਬੰਧ ਨਹੀਂ ਕੀਤਾ। ਸਰਮਾ ਨੇ ਕਾਂਗਰਸੀ ਉਮੀਦਵਾਰ ਨੂੰ ਸੱਤਾ ਦਾ ਲਾਲਚੀ ਕਰਾਰ ਦਿੰਦਿਆਂ ਕਿਹਾ ਕਿ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਬਣੇ, ਉਥੇ ਦਾਲ ਨਹੀਂ ਗਲੀ ਤਾਂ ਆਜਾਦ ਤੌਰ ‘ਤੇ ਚੋਣ ਲੜੀ। ਜਨਤਾ ਨੇ ਜਦੋਂ ਨਕਾਰ ਦਿੱਤਾ ਤਾਂ ਕਾਂਗਰਸ ਦਾ ਪੱਲ੍ਹਾ ਫੜ੍ਹ ਲਿਆ। ‘ਆਪ‘ ਉਮੀਦਵਾਰ ਬਲਬੀਰ ਸਿੰਘ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਪ੍ਰਚਾਰ ਦੀ ਸਰਕਾਰ ਤਿੰਨ ਸਾਲਾਂ ‘ਚ ਪੰਜਾਬ ਦੇ 13 ਹਲਕਿਆਂ ‘ਚ ਉਮੀਦਵਾਰ ਨਹੀਂ ਲੱਭ ਸਕੀ। 13 ਵਿੱਚੋਂ 9 ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪੰਜਾਬ ਦੀਆਂ ਔਰਤਾਂ ਅਜੇ ਵੀ ਇੱਕ-ਇੱਕ ਹਜਾਰ ਮਹੀਨਾਵਾਰ ਭੱਤੇ ਦੀ ਉਡੀਕ ਕਰ ਰਹੀਆਂ ਹਨ। ‘ਆਪ‘ ਸਰਕਾਰ ਕੰਮ ਕਰਨ ਦੀ ਬਜਾਏ ਸਿਰਫ ਪ੍ਰਚਾਰ ‘ਤੇ ਹੀ 750 ਕਰੋੜ ਰੁਪਏ ਖਰਚ ਕਰ ਚੁੱਕੀ ਹੈ।ਐਨ. ਕੇ. ਸਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 1992 ਵਿੱਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਵਿੱਚ ਸਾਮਲ ਕੀਤਾ ਸੀ ਅਤੇ ਉਹ ਅੱਜ ਤੱਕ ਅਕਾਲੀ ਦਲ ਵਿੱਚ ਹੀ ਰਹੇ ਹਨ। ਉਨ੍ਹਾਂ ਨੇ ਕਦੇ ਦਲਬਦਲ ਨਹੀਂ ਕੀਤਾ। ਅਕਾਲੀ ਦਲ ਦੀ ਸਰਕਾਰ ਨੇ ਹਮੇਸਾ ਹੀ ਸਮੁੱਚੇ ਸੂਬੇ ਦਾ ਬਰਾਬਰ ਵਿਕਾਸ ਕਰਵਾਇਆ ਹੈ। ਸਰਮਾ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਕੰਮ ਅਤੇ ਕਿਰਦਾਰ ਨੂੰ ਦੇਖ ਕੇ ਹੀ ਵੋਟ ਪਾਉਣ। ਸਰਮਾ ਨੇ ਕਿਹਾ ਕਿ ਚੋਣ ਮੈਦਾਨ ’ਚ ਉਤਰੇ ਸਾਰੇ ਉਮੀਦਵਾਰਾਂ ਨੂੰ ਇੱਥੋਂ ਦੀ ਜਨਤਾ ਦੇਖ ਚੁੱਕੀ ਹੈ। ਇੱਕ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਇੱਕ ਸੇਵਾਦਾਰ ਵਜੋਂ ਕੰਮ ਕਰਨਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਅਕਾਲੀ ਆਗੂ ਸੁਖਵਿੰਦਰ ਸਿੰਘ ਰਾਜਲਾ, ਅਮਰਜੀਤ ਟੋਡਰਪੁਰ, ਬਲਵਿੰਦਰ ਦਾਨੀਪੁਰ, ਬਲਦੇਵ ਰਾਜਲਾ, ਜਗਰੂਪ ਫਤਿਹਪੁਰ, ਨਛੱਤਰ ਸਿੰਘ, ਇੰਦਰਜੀਤ ਰੱਖੜਾ, ਮਹਿੰਦਰ ਸਿੰਘ ਲਾਲਵਾ, ਜਗਮੀਤ ਸਿੰਘ ਹਰਿਆਓ, ਸਾਬਕਾ ਪ੍ਰਧਾਨ ਜੋਗਾ ਸਿੰਘ ਪਾਤੜਾਂ, ਗੋਬਿੰਦ ਵਿਰਦੀ, ਗੁਰਬਚਨ ਸਿੰਘ, ਗੁਰਦੀਪ ਸਿੰਘ ਸਮੇਤ ਕਈ ਪਤਵੰਤੇ ਹਾਜਰ ਸਨ। ਫੋਟੋ ਨੰ 18ਪੀਏਟੀ. 40ਸ੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ. ਕੇ. ਸ਼ਰਮਾ ਸਮਾਗਮ ਮੌਕੇ ਅਕਾਲੀ ਆਗੂਆਂ ਨਾਲ ਨਜ਼ਰ ਆ ਰਹੇ ਹਨ। (ਸੁਖਵਿੰਦਰ)
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.