post

Jasbeer Singh

(Chief Editor)

Punjab

ਪੰਜਾਬ `ਚ ਪੈਦਾ ਹੋ ਸਕਦਾ ਹੈ ਬਿਜਲੀ ਤੇ ਪਾਣੀ ਦਾ ਸੰਕਟ

post-img

ਪੰਜਾਬ `ਚ ਪੈਦਾ ਹੋ ਸਕਦਾ ਹੈ ਬਿਜਲੀ ਤੇ ਪਾਣੀ ਦਾ ਸੰਕਟ ਚੰਡੀਗੜ੍ਹ : ਮੌਨਸੂਨ ਮਗਰੋਂ ਘੱਟ ਮੀਂਹ ਪੈਣ ਅਤੇ ਵੱਡੇ ਡੈਮਾਂ ਵਾਲੇ ਇਲਾਕਿਆਂ ’ਚ ਬਰਫ਼ ਜੰਮਣ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਨੇ ਪਾਣੀ ਦੀ ਉਪਲੱਬਧਤਾ ਨੂੰ ਬਾਰੇ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ।ਬੋਰਡ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਠੰਢ ਦੇ ਮੌਸਮ ਦੌਰਾਨ ਬਹੁਤੇ ਮੀਂਹ ਨਾ ਪਏ ਤਾਂ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਗਰਮੀਆਂ ’ਚ ਪਾਣੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀ. ਬੀ. ਐੱਮ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਮੈਂਬਰ ਸੂਬਿਆਂ ਨੂੰ ਆਉਂਦੇ ਮਹੀਨਿਆਂ ’ਚ ਪਾਣੀ ਦੀ ਮੰਗ ਦਾ ਅੰਦਾਜ਼ਾ ਲਗਾਉਣ ’ਚ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਮੌਜੂਦਾ ਭੰਡਾਰਣ ਅਤੇ ਪ੍ਰਵਾਹ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਘੱਟ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਬੀ. ਬੀ. ਐੱਮ. ਬੀ. ਦੇ ਮੈਂਬਰ ਹਨ ਜੋ ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਲੈਂਦੇ ਹਨ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1,633 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ ’ਚ ਕਰੀਬ 15 ਫੁੱਟ ਹੇਠਾਂ ਹੈ। ਉਧਰ ਪੌਂਗ ਡੈਮ ’ਚ ਪਾਣੀ ਦਾ ਪੱਧਰ 1,343 ਫੁੱਟ ਰਿਕਾਰਡ ਹੋਇਆ ਜੋ ਪਿਛਲੇ ਸਾਲ ਨਾਲੋਂ ਕਰੀਬ 18 ਫੁੱਟ ਘੱਟ ਹੈ।ਅਧਿਕਾਰੀ ਨੇ ਕਿਹਾ ਕਿ ਭਾਖੜਾ ’ਚ ਪਾਣੀ ਦੀ ਮੌਜੂਦਾ ਭੰਡਾਰਨ ਸਮਰੱਥਾ ਕੁੱਲ ਸਮਰੱਥਾ ਦਾ ਕਰੀਬ 63 ਫ਼ੀਸਦ ਹੈ ਜੋ ਆਮ ਨਾਲੋਂ 10 ਫ਼ੀਸਦ ਘੱਟ ਹੈ ਜਦਕਿ ਪੌਂਗ ’ਚ ਭੰਡਾਰਨ ਸਮਰੱਥਾ 50 ਫ਼ੀਸਦ ਹੈ ਜੋ ਆਮ ਨਾਲੋਂ 15 ਫ਼ੀਸਦ ਘੱਟ ਹੈ। ਜਲਵਾਯੂ ਹਾਲਾਤ ਅਤੇ ਵਾਤਾਵਰਨ ਕਾਰਨਾਂ ਦੇ ਆਧਾਰ ’ਤੇ ਜਲ ਭੰਡਾਰਾਂ ’ਚ ਪਾਣੀ ਦਾ ਪ੍ਰਵਾਹ ਰੋਜ਼ਾਨਾ ਬਦਲਦਾ ਰਹਿੰਦਾ ਹੈ ।

Related Post