
36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ
- by Jasbeer Singh
- December 9, 2024

36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ ਪਟਿਆਲਾ, 9 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਮਿਤੀ 10 ਤੋਂ 12 ਦਸੰਬਰ, 2024 ਨੂੰ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਨਫ਼ਰੰਸ ਦਾ ਵਿਸ਼ਾ ‘ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ’ ਰੱਖਿਆ ਗਿਆ ਹੈ। ਕਾਨਫ਼ਰੰਸ ਦੌਰਾਨ ਵੱਖ—ਵੱਖ ਖੇਤਰਾਂ ਤੋਂ ਵਿਦਵਾਨ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹਨ । ਕਾਨਫ਼ਰੰਸ ਦਾ ਮੁੱਖ ਉਦੇਸ਼ ਦੇਸ਼—ਵਿਦੇਸ਼ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ—ਪ੍ਰਸਾਰ ਦੀ ਗੱਲ ਕਰਕੇ, ਸਾਡੀ ਪਰੰਪਰਾ ਵਿੱਚੋਂ ਸਾਡੇ ਵਰਤਮਾਨ ਦੇ ਹੱਲ ਲੱਭਣ ਦਾ ਯਤਨ ਹੋਵੇਗਾ ਅਤੇ ਭਵਿੱਖ ਦੀ ਨਿਸ਼ਾਨਦੇਹੀ ਕਰਨਾ ਹੋਵੇਗਾ । ਕਾਨਫ਼ਰੰਸ ਸੰਚਾਲਕ ਡਾ. ਪਰਮਿੰਦਰਜੀਤ ਕੌਰ,ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਦੱਸਿਆ ਕਿ ਮਈ, 1965 ਵਿੱਚ ਸਥਾਪਿਤ ਇਸ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਹੁਣ ਤੱਕ 35 ਕਾਨਫ਼ਰੰਸਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਜਾ ਚੁੱਕਾ ਹੈ । ਵਿਭਾਗ ਹੁਣ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਕਰਨ ਜਾ ਰਿਹਾ ਹੈ। ਇਸ ਕਾਨਫਰੰਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਧਰਮ ਅਧਿਐਨ ਵਿਭਾਗ, ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਅਤੇ ਸੰਗੀਤ ਵਿਭਾਗ ਆਦਿ ਵਿਭਾਗ ਸਹਿ—ਸੰਜੋਯਕਾਂ ਵਜੋਂ ਸਹਿਯੋਗ ਕਰ ਰਹੇ ਹਨ । ਇਸ ਕਾਨਫ਼ਰੰਸ ਦੀ ਵਿਉਂਤਬੰਦੀ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸਲਾਹਕਾਰ ਬੋਰਡ ਅਤੇ ਵੱਖ-ਵੱਖ ਦੇ ਪੰਜਾਬੀ ਪ੍ਰਤਿਨਿਧਾਂ ਦੀ ਅਹਿਮ ਭੂਮਿਕਾ ਹੈ । ਇਸ ਕਾਨਫ਼ਰੰਸ ਵਿੱਚ 6 ਅਕਾਦਮਿਕ ਬੈਠਕਾਂ, 6 ਸਮਾਨ—ਅੰਤਰ ਅਕਾਦਮਿਕ ਬੈਠਕਾਂ, 3 ਵਿਸ਼ੇਸ਼ ਬੈਠਕਾਂ ਅਤੇ ਇੱਕ ਵਿਸ਼ੇਸ਼ ਬੈਠਕ ‘ਪੁੰਗਰਦੀਆਂ ਕਲਮਾਂ’ ਦਾ ਆਯੋਜਨ ਕੀਤਾ ਜਾਵੇਗਾ। ‘ਪੁੰਗਰਦੀਆਂ ਕਲਮਾਂ’ ਬੈਠਕ ਵਿੱਚ ਦਸਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ਼ ਜੁੜਨ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਪੰਜਾਬੀ ਭਾਸ਼ਾ ਦੇ ਵੱਧ ਤੋਂ ਵੱਧ ਪਾਠਕ ਪੈਦਾ ਕੀਤੇ ਜਾ ਸਕਣ । ਇਹ ਇੱਕ ਨਵੀਂ ਪਹਿਲ ਕਦਮੀ ਹੋਵੇਗੀ । ਉਨ੍ਹਾਂ ਦੱਸਿਆ ਕਿ ਉਪ ਕੁਲਪਤੀ ਕੇ. ਕੇ. ਯਾਦਵ (ਆਈ. ਏ. ਐਸ.) ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਕਾਨਫ਼ਰੰਸ ਦੇ ਉਦਾਘਟਨੀ ਸਮਾਰੋਹ ਵਿੱਚ ‘ਉਦਘਾਟਨੀ ਸ਼ਬਦ’ ਕਹਿਣ ਲਈ ਸਰਦਾਰ ਕੁਲਤਾਰ ਸਿੰਘ ਸੰਧਵਾਂ, ਮਾਣਯੋਗ ਸਪੀਕਰ ਸਾਹਿਬ, ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਰਹੇ ਹਨ। ਇਸ ਉਦਘਾਟਨੀ ਸਮਾਰੋਹ ਵਿੱਚ ‘ਸਵਾਗਤੀ ਸ਼ਬਦ’ ਪ੍ਰੋ. ਨਰਿੰਦਰ ਕੌਰ ਮੁਲਤਾਨੀ (ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ‘ਕਾਨਫਰੰਸ ਬਾਰੇ’ ਡਾ. ਬਲਵਿੰਦਰ ਕੌਰ ਸਿੱਧੂ (ਪ੍ਰੋਫ਼ੈਸਰ ਅਤੇ ਡੀਨ, ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ‘ਮੁੱਖ ਭਾਸ਼ਣ’ ਪ੍ਰੋ. ਰਾਜੇਸ਼ ਗਿੱਲ (ਪ੍ਰੋਫ਼ੈਸਰ, ਸਮਾਜ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ) ਦੇਣਗੇ । ਇਸ ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਡਾ. ਰਵੇਲ ਸਿੰਘ (ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦੇਮੀ, ਦਿੱਲੀ), ਪ੍ਰੋ. ਜਸਪਾਲ ਕੌਰ ਕਾਂਗ, (ਸਾਬਕਾ ਪ੍ਰੋਫ਼ੈਸਰ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਪ੍ਰੋ. ਰਾਘਵੇਂਦਰ ਪੀ. ਤਿਵਾਰੀ (ਉਪਕੁਲਪਤੀ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ), ਪ੍ਰੋ. ਮਨਜੀਤ ਬਾਂਸਲ (ਡੀਨ, ਸਲਾਹਕਾਰ ਅਤੇ ਉਦਯੋਗਿਕ ਸੰਬੰਧ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ), ਪ੍ਰੋ. ਐਸ. ਪੀ. ਸਿੰਘ (ਸਾਬਕਾ ਉਪਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਹੋਣਗੇ। ਸਮਾਰੋਹ ਦੇ ਧੰਨਵਾਦੀ ਸ਼ਬਦ ਡਾ. ਸੰਜੀਵ ਪੁਰੀ (ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਹਿਣਗੇ । ਇਸ ਕਾਨਫ਼ਰੰਸ ਦੀਆਂ ਛੇ ਬੈਠਕਾਂ— ਸਾਂਝੀ ਅਕਾਦਮਿਕ ਵਿਚਾਰ ਚਰਚਾ (ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਅਜੋਕੇ ਗਿਆਨ—ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ’ਚ), ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸੰਦਰਭ ’ਚ, ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸੰਦਰਭ ’ਚ, ਪੰਜਾਬੀ ਸੱਭਿਆਚਾਰ ਅਤੇ ਪਰਵਾਸੀ ਸੱਭਿਆਚਾਰ : ਮੀਡੀਆ ਅਤੇ ਕਲਾਵਾਂ ਦੇ ਸੰਦਰਭ ’ਚ, ਸਮਾਜ ਵਿਗਿਆਨ ਦੇ ਸੰਦਰਭ ’ਚ, ਗਿਆਨ—ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ’ਚ ਦਾ ਆਯੋਜਨ ਸੈਨੇਟ ਹਾਲ ਵਿਖੇ ਕੀਤਾ ਜਾਣਾ ਹੈ । ਕਾਨਫ਼ਰੰਸ ਦੇ ਪਹਿਲੇ ਅਤੇ ਦੂਜੇ ਦਿਨ ਸ਼ਾਮ ਨੂੰ ਦੋ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਕੀਤਾ ਜਾਣਾ ਹੈ ਜਿਸ ਵਿੱਚ ‘ਏਵਮ ਇੰਦਰਜੀਤ’ ਅਤੇ ‘ਬੋਲ ਮਿੱਟੀ ਦਿਆ ਬਾਵਿਆ’ ਦਾ ਕਲਾ ਭਵਨ ਵਿਖੇ ਮੰਚਨ ਕੀਤਾ ਜਾਣਾ ਹੈ । ਉਪਕੁਲਪਤੀ ਪ੍ਰੋ. ਕੇ. ਕੇ. ਯਾਦਵ (ਆਈ. ਏ. ਐਸ) ਦੀ ਪ੍ਰਧਾਨਗੀ ਹੇਠ ਮਿਤੀ 12 ਦਸੰਬਰ, 2024 ਨੂੰ ਹੋ ਰਹੇ ਕਾਨਫ਼ਰੰਸ ਦੇ ਵਿਦਾਇਗੀ ਸਮਾਰੋਹ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ (ਮਾਣਯੋਗ ਵਿੱਤ ਮੰਤਰੀ, ਪੰਜਾਬ ਸਰਕਾਰ) ਮੁੱਖ ਮਹਿਮਾਨ ਵਜੋਂ ਅਤੇ ਸਰਦਾਰ ਹਰਜੋਤ ਸਿੰਘ ਬੈਂਸ (ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਸਰਕਾਰ), ਸਰਦਾਰ ਗੁਰਮੀਤ ਸਿੰਘ ਖੁੱਡੀਆਂ (ਮਾਣਯੋਗ ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ), ਸਰਦਾਰ ਜਗਰੂਪ ਸਿੰਘ ਗਿੱਲ (ਮਾਣਯੋਗ ਵਿਧਾਇਕ, ਪੰਜਾਬ ਵਿਧਾਨ ਸਭਾ, ਬਠਿੰਡਾ (ਸ਼ਹਿਰੀ), ਸਰਦਾਰ ਮਹਿੰਦਰ ਸਿੰਘ ਸਿੱਧੂ (ਚੇਅਰਮੈਨ, ਸੀਡ ਕਾਰਪੋਰੇਸ਼ਨ, ਚੰਡੀਗੜ੍ਹ), ਪ੍ਰੋ. ਸਤੀਸ਼ ਕੁਮਾਰ ਵਰਮਾ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਇਸ ਵਿਦਾਇਗੀ ਸਮਾਗਮ ਦੇ ‘ਸਵਾਗਤੀ ਸ਼ਬਦ’ ਪ੍ਰੋ. ਮੁਕੇਸ਼ ਕੁਮਾਰ ਠਾਕਰ (ਸੰਯੁਕਤ ਡੀਨ, ਖੋਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਹਿਣਗੇ। ‘ਕਾਨਫ਼ਰੰਸ ਬਾਰੇ ਰਿਪੋਰਟ’ ਪ੍ਰੋ. ਜਸਬੀਰ ਕੌਰ (ਪ੍ਰਿੰਸੀਪਲ ਗੁਰਮਤਿ ਕਾਲਜ, ਪਟਿਆਲਾ) ਪੇਸ਼ ਕਰਨਗੇ। ਇਸ ਵਿਦਾਇਗੀ ਸਮਾਰੋਹ ਦੌਰਾਨ ‘ਵਿਦਾਇਗੀ ਭਾਸ਼ਣ’ ਡਾ. ਅਮਰਜੀਤ ਸਿੰਘ ਗਰੇਵਾਲ (ਉੱਘੇ ਚਿੰਤਕ ਅਤੇ ਲੇਖਕ) ਦੇਣਗੇ। ਵਿਦਾਇਗੀ ਸਮਾਰੋਹ ਦੇ ‘ਧੰਨਵਾਦੀ ਸ਼ਬਦ’ ਡਾ. ਬਲਵਿੰਦਰ ਕੌਰ ਸਿੱਧੂ (ਪ੍ਰੋਫ਼ੈਸਰ ਅਤੇ ਡੀਨ, ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਹਿਣਗੇ ।