
ਨਹਿਰਾਂ, ਸੂਇਆਂ ਤੇ ਸੜਕਾਂ ਦੇ ਨਾਲ ਲਗਦੀਆਂ ਜ਼ਮੀਨਾਂ ਨੂੰ ਆਪਣੀ ਜ਼ਮੀਨ ’ਚ ਮਿਲਾਉਣ ’ਤੇ ਪਾਬੰਦੀ
- by Jasbeer Singh
- November 11, 2024

ਨਹਿਰਾਂ, ਸੂਇਆਂ ਤੇ ਸੜਕਾਂ ਦੇ ਨਾਲ ਲਗਦੀਆਂ ਜ਼ਮੀਨਾਂ ਨੂੰ ਆਪਣੀ ਜ਼ਮੀਨ ’ਚ ਮਿਲਾਉਣ ’ਤੇ ਪਾਬੰਦੀ ਨਹਿਰਾਂ ਤੇ ਸੂਇਆਂ ਵਿੱਚੋਂ ਮਿੱਟੀ ਦੀ ਨਜਾਇਜ਼ ਖੁਦਾਈ ਕਰਨ ’ਤੇ ਮੁਕੰਮਲ ਪਾਬੰਦੀ ਹੁਕਮ ਜਾਰੀ ਸੰਗਰੂਰ, 11 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਮਿਤ ਬੈਂਬੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐਨ. ਐਸ. ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ, ਸੂਇਆਂ ਅਤੇ ਘੱਗਰ ਦਰਿਆ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕਾਂ ਵੱਲੋਂ ਨਹਿਰਾਂ, ਸੂਇਆਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਆਪਣੀ ਜ਼ਮੀਨ ਵਿੱਚ ਮਿਲਾਉਣ ਅਤੇ ਨਹਿਰਾਂ ਤੇ ਸੂਇਆਂ ਵਿੱਚੋਂ ਵੀ ਮਿੱਟੀ ਦੀ ਨਜਾਇਜ਼ ਖੁਦਾਈ ਕਰਨ ’ਤੇ ਮੁਕੰਮਲ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ, ਸੂਇਆਂ, ਘੱਗਰ ਦਰਿਆ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਂਦੇ ਹਨ, ਇਸ ਤੋਂ ਇਲਾਵਾ ਕਈ ਵਾਰ ਨਹਿਰਾਂ, ਸੂਇਆਂ ਵਿੱਚੋਂ ਨਜਾਇਜ਼ ਮਿੱਟੀ ਦੀ ਖੁਦਾਈ ਵੀ ਕਰਦੇ ਹਨ, ਜਿਸ ਦੇ ਸਿੱਟੇ ਵਜੋਂ ਨਹਿਰਾਂ, ਸੂਇਆਂ ਦੇ ਬਰਮ ਕੱਟੇ ਹੋਣ ਕਰਕੇ ਇਕੋ ਸਮੇਂ ਦੋ ਗੱਡੀਆਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਆਉਂਦੇ ਜਾਂਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨੁੱਖੀ ਜਾਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ । ਇਸ ਲਈ ਮਨੁੱਖੀ ਜਾਨਾਂ ਨੂੰ ਖਤਰੇ ਤੋਂ ਬਚਾਉਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਤੇ ਸੂਇਆਂ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਨਹਿਰਾਂ, ਸੂਇਆਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਣ ਅਤੇ ਨਹਿਰਾਂ ਵਿੱਚੋਂ ਨਜਾਇਜ਼ ਮਿੱਟੀ ਦੀ ਖੁਦਾਈ ਕਰਨ ਤੋਂ ਰੋਕਿਆ ਜਾਵੇ । ਇਹ ਹੁਕਮ 26 ਦਸੰਬਰ 2024 ਤੱਕ ਲਾਗੂ ਰਹਿਣਗੇ ।