
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ
- by Jasbeer Singh
- September 12, 2024

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਕੀਤੀ ਸ਼ੋਕ ਸਭਾ ਪਟਿਆਲਾ, 12 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਇੱਕ ਸ਼ੋਕ ਸਭਾ ਕੀਤੀ ਗਈ । ਡਾ. ਅਲੰਕਾਰ ਸਿੰਘ, ਮੁਖੀ, ਸੰਗੀਤ ਵਿਭਾਗ ਨੇ ਮੁਕੇਸ਼ ਜੀ ਦੇ ਲੰਮੀ ਬੀਮਾਰੀ ਉਪਰੰਤ ਅਕਾਲ ਚਲਾਣੇ ਉੱਤੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਸ਼ਾਸਤਰੀ ਸੰਗੀਤ ਦੇ ਉੱਥਾਨ ਲਈ ਉਨ੍ਹਾਂ ਵਲੋਂ ਕੀਤੇ ਕਾਰਜਾਂ ਉੱਤੇ ਸੰਖੇਪ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੁਕੇਸ਼ ਗਰਗ ਇੱਕ ਬੇਬਾਕ ਆਲੋਚਕ ਤੇ ਸੰਗੀਤ ਚਿੰਤਕ ਸਨ,ਜਿਨ੍ਹਾਂ ਨੇ ਸੰਗੀਤ ਆਲੋਚਨਾ ਦੇ ਖੇਤਰ ਵਿਚ ਨਵੇਂ ਪੂਰਨੇ ਪਾਏ। ਉਹ 'ਸੰਗੀਤ' ਨਾਮਕ ਮਹੀਨੇਵਾਰ ਪੱਤਰਿਕਾ ਦਾ ਕਈ ਦਹਾਕਿਆਂ ਤੱਕ ਸੰਪਾਦਨ ਕਰਦੇ ਰਹੇ,ਜਿਸ ਦਾ ਸੰਗੀਤ ਪ੍ਰੇਮੀਆਂ ਅਤੇ ਪਾਠਕਾਂ ਨੂੰ ਬੇਸਬਰੀ ਨਾਲ਼ ਇੰਤਜ਼ਾਰ ਰਹਿੰਦਾ ਸੀ । ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ ਗਿੱਲ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਸਾਧਕ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਲਈ ਭਾਰਤ ਪੱਧਰ ਦੀ ਸੰਸਥਾ 'ਸੰਗੀਤ ਸੰਕਲਪ' ਦਾ ਨਿਰਮਾਣ ਮੁਕੇਸ਼ ਜੀ ਨੇ ਕੀਤਾ ਜਿਸਦੇ ਅੰਤਰਗਤ ਅਨੇਕ ਉਭਰਦੇ ਸ਼ਾਸਤਰੀ ਗਾਇਕਾਂ ਅਤੇ ਵਾਦਕਾਂ ਨੂੰ ਮੰਚ ਪੇਸ਼ਕਾਰੀ ਦਾ ਅਵਸਰ ਮਿਲਿਆ । ਪਟਿਆਲਾ ਸ਼ਹਿਰ ਵਿਚ ਵੀ ਡਾ. ਨਿਵੇਦਿਤਾ ਉੱਪਲ ਦੀ ਅਗਵਾਈ ਵਿਚ ਇਸ ਸੰਸਥਾ ਦਾ ਅਧਿਆਇ ਸ਼ੁਰੂ ਹੋਇਆ ਤੇ ਅਨੇਕ ਸਮਾਗਮਾਂ ਦਾ ਆਯੋਜਨ ਹੋਇਆ । ਪ੍ਰੋਫ਼ੈਸਰ ਨਿਵੇਦਿਤਾ ਉੱਪਲ ਨੇ ਮੁਕੇਸ਼ ਜੀ ਦੀ ਬੇਮਿਸਾਲ ਲੇਖਣੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵੀ ਸੰਗੀਤ ਖੇਤਰ ਵਿਚ ਲੇਖਣ ਕਰਨ ਦੀ ਚੇਟਕ ਮੁਕੇਸ਼ ਜੀ ਤੋਂ ਹੀ ਲੱਗੀ। ਸੰਗੀਤ ਸੰਕਲਪ ਦੇ ਨਿਰਮਾਣ ਵਿਚ ਵੀ ਮੁਕੇਸ਼ ਜੀ ਨਾਲ ਸ਼ੁਰੂਆਤੀ ਵਿਉਂਤਬੰਦੀ ਅਤੇ ਫਿਰ ਸੰਸਥਾਵਾਂ ਦੇ ਗਠਨ ਵਿਚ ਭਾਗ ਲਿਆ। ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਪਟਿਆਲਾ, ਜਲੰਧਰ, ਅੰਮ੍ਰਿਤਸਰ ਵਿਚ ਸੰਗੀਤ ਸੰਕਲਪ ਦੀਆਂ ਸਾਖਾਵਾਂ ਨੇ ਅਨੇਕ ਸੰਗੀਤਕਾਰਾਂ ਨੂੰ ਪੇਸ਼ਕਾਰੀ ਦਾ ਅਵਸਰ ਦਿੱਤਾ। ਡਾ. ਜਯੋਤੀ ਸ਼ਰਮਾ ਅਤੇ ਸ੍ਰੀਮਤੀ ਵਨੀਤਾ ਨੇ ਵੀ ਆਪਣੇ ਵਿਚਾਰ ਮੁਕੇਸ਼ ਜੀ ਲਈ ਰੱਖੇ। ਇਸ ਅਵਸਰ ਉੱਤੇ ਪਟਿਆਲਾ ਦੇ ਸੰਗੀਤਕਾਰ ਡਾ. ਜਗਮੋਹਨ ਸ਼ਰਮਾ ਅਤੇ ਡਾ. ਮਨਮੋਹਨ ਸ਼ਰਮਾ ਨੇ ਵੀ ਸ਼ਰਧਾਂਜਲੀ ਦਿੱਤੀ। ਸਮੂਹ ਮੈਂਬਰਾਨ ਨੇ ਦੋ ਮਿੰਟ ਦਾ ਮੌਨ ਧਾਰਨ ਕਰਦੇ ਹੋਏ ਡਾ. ਮੁਕੇਸ਼ ਗਰਗ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਗੈਸਟ ਫ਼ੈਕਲਟੀ ਮੈਂਬਰਾਨ , ਖੋਜਾਰਥੀਆਂ ਅਤੇ ਸਮੂਹ ਤਕਨੀਕੀ ਸਟਾਫ਼ ਮੈਂਬਰਾਨ ਨੇ ਵੀ ਸ਼ੋਕ ਸਭਾ ਵਿਚ ਹਾਜ਼ਰੀ ਲੁਆਈ ।