
ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ 100 ਫੀਸਦੀ ਰੋਕ ਲਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਤਜਵੀਜ਼ ਤਿਆਰ
- by Jasbeer Singh
- July 5, 2024

ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ 100 ਫੀਸਦੀ ਰੋਕ ਲਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਤਜਵੀਜ਼ ਤਿਆਰ -ਡੀ.ਸੀ. ਵੱਲੋਂ ਪਰਾਲੀ ਵਰਤਣ ਵਾਲੀ ਇੰਡਸਟਰੀ, ਭੱਠਾ ਤੇ ਬੇਲਰ ਐਸੋਸੀਏਸ਼ਨ ਨਾਲ ਬੈਠਕ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਪਰਾਲੀ ਸਾੜਨ ਤੋਂ ਰੋਕਣ ਲਈ ਗੰਭੀਰ ਪਟਿਆਲਾ, 5 ਜੁਲਾਈ : ਆਗਾਮੀ ਝੋਨੇ ਦੇ ਸੀਜਨ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਉਤੇ 100 ਫੀਸਦੀ ਰੋਕ ਲਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਤਜਵੀਜ ਤਿਆਰ ਕੀਤੀ ਹੈ। ਇਸ ਤਜਵੀਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਰੂਪਾਂ 'ਚ ਪਰਾਲੀ ਦੀ ਵਰਤੋਂ ਕਰਨ ਵਾਲੀ ਇੰਡਸਟਰੀ, ਭੱਠਾ ਮਾਲਕਾਂ ਅਤੇ ਬੇਲਰ ਐਸੋਸੀਏਸ਼ਨ ਨਾਲ ਇੱਕ ਅਹਿਮ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਰਾਲੀ ਤੋਂ ਪੈਲੇਟਸ ਤੇ ਬ੍ਰਿਕੇਟਸ ਬਣਾਉਣ ਦੀ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ ਅਤੇ ਪਰਾਲੀ ਖੇਤਾਂ ਵਿੱਚੋਂ ਚੁੱਕ ਕੇ ਕਿਸੇ ਹੋਰ ਕੰਮਾਂ ਵਾਸਤੇ ਵਰਤ ਲਈ ਜਾਵੇ। ਜਦੋਂਕਿ ਦੂਜੇ ਪਾਸੇ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਅ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਲੰਘੇ ਸੀਜਨ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 43 ਫੀਸਦੀ ਕਮੀ ਆਈ ਸੀ ਅਤੇ ਇਸ ਵਾਰ ਅੱਗ ਲੱਗਣ ਦੇ ਮਾਮਲਿਆਂ ਉਪਰ ਪੂਰਨ ਕੰਟਰੋਲ ਕਰਕੇ ਇਸਨੂੰ ਜੀਰੋ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੇ ਖੇਤਾਂ ਵਿੱਚੋਂ 13.70 ਲੱਖ ਮੀਟ੍ਰਿਕ ਟਨ ਪਰਾਲੀ ਨਿਕਲਣ ਦਾ ਅਨੁਮਾਨ ਹੈ, ਜਿਸ 'ਚੋਂ 4.16 ਲੱਖ ਮੀਟ੍ਰਿਕ ਟਨ ਪਰਾਲੀ ਨੂੰ ਐਕਸ-ਸੀਟੂ ਮੈਨੇਜਮੈਂਟ ਨਾਲ ਖੇਤਾਂ ਵਿੱਚੋਂ ਬਾਹਰ ਕੱਢਕੇ ਬਾਲਣ ਦੇ ਰੂਪ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਵਰਤਣ ਲਈ ਤਜਵੀਜ ਬਣਾਈ ਗਈ ਹੈ ਅਤੇ ਬਾਕੀ ਦੀ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਇਨਸੀਟੂ ਮੈਨੇਜਮੈਂਟ ਉਪਰ ਕੰਮ ਕੀਤਾ ਜਾ ਰਿਹਾ ਹੈ। ਜਦੋਂਕਿ ਪਿਛਲੇ ਸੀਜਨ ਵਿੱਚ ਕਰੀਬ 2.5 ਲੱਖ ਮੀਟ੍ਰਿਕ ਟਲ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਕੇ ਵਰਤਿਆ ਜਾ ਸਕਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਬੈਠਕ ਮੌਕੇ ਪਰਾਲੀ ਦੇ ਪੈਲੇਟਸ ਤੇ ਬ੍ਰਿਕੇਟਸ ਬਣਾ ਕੇ ਇਸ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਵਾਲੀ ਇੰਡਸਟਰੀ, ਬੁਆਇਲਰਾਂ ਤੇ ਖਾਸ ਕਰਕੇ ਨਾਭਾ ਪਾਵਰ ਲਿਮਟਿਡ ਦੇ ਨੁਮਾਇੰਦਿਆਂ ਨੂੰ ਆਪਣਾ ਟੀਚਾ ਵਧਾਉਣ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਲਰ ਐਸੋਸੀਏਸ਼ਨ ਦੀਆਂ ਮੁਸ਼ਕਿਲਾਂ ਸੁਣਕੇ ਪਰਾਲੀ ਖੇਤਾਂ ਵਿੱਚੋਂ ਬਾਹਰ ਕੱਢਕੇ ਇੰਡਸਟਰੀ ਤੱਕ ਪਹੁੰਚਾਉਣ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਸ਼ਲਾਘਾ ਕਰਦੇ ਹੋਏ ਇਸ ਸੀਜਨ ਵਿੱਚ ਹੋਰ ਵਧੇਰੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਰੋਹਿਤ ਸਿੰਗਲਾ ਨੇ ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਪਰਾਲੀ ਦੀ ਐਕਸ-ਸੀਟੂ ਮੈਨੈਜਮੈਂਟ ਦੀ ਤਜਵੀਜ ਤੋਂ ਜਾਣੂ ਕਰਵਾਇਆ। ਮੀਟਿੰਗ ਮੌਕੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।