ਜਨਤਾ ਦੇ ਫ਼ਤਵੇ ਨੇ ਮਾਨ ਸਰਕਾਰ ’ਤੇ ਭਰੋਸਾ ਦੁਹਰਾਇਆ-ਵਿਧਾਇਕਾਂ ਵੱਲੋਂ ਵਰਕਰਾਂ ਦਾ ਧੰਨਵਾਦ
- by Jasbeer Singh
- December 20, 2025
ਜਨਤਾ ਦੇ ਫ਼ਤਵੇ ਨੇ ਮਾਨ ਸਰਕਾਰ ’ਤੇ ਭਰੋਸਾ ਦੁਹਰਾਇਆ-ਵਿਧਾਇਕਾਂ ਵੱਲੋਂ ਵਰਕਰਾਂ ਦਾ ਧੰਨਵਾਦ ਮਾਲੇਰਕੋਟਲਾ, 20 ਦਸੰਬਰ 2025 : ਸੂਬੇ ’ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੀ ਭਰਪੂਰ ਜਿੱਤ ’ਤੇ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਅਤੇ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਜਨਤਾ ਦਾ ਧੰਨਵਾਦ ਕਰਦਿਆਂ ਇਸਨੂੰ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਇਮਾਨਦਾਰ ਪ੍ਰਸ਼ਾਸਨ ’ਤੇ ਲੋਕਾਂ ਦੇ ਅਟੱਲ ਭਰੋਸੇ ਦਾ ਪ੍ਰਤੀਕ ਕਰਾਰ ਦਿੱਤਾ । ਵਿਧਾਇਕਾਂ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਲਈ ਸਿਰਫ਼ ਚੋਣੀ ਸਫਲਤਾ ਨਹੀਂ, ਸਗੋਂ ਜਨਤਾ ਵੱਲੋਂ ਮਾਨ ਸਰਕਾਰ ਦੇ ਕੰਮਾਂ ’ਤੇ ਲਾਈ ਗਈ ਮੋਹਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਹੈ ਅਤੇ ਲੋਕਾਂ ਨੇ ਵਿਕਾਸ, ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰਵੱਈਏ ਨੂੰ ਅਪਨਾਇਆ ਗਿਆ ਹੈ। ਉਨ੍ਹਾਂ ਪਾਰਟੀ ਦੇ ਸਾਰੇ ਆਗੂਆਂ ਅਤੇ ਜ਼ਮੀਨੀ ਪੱਧਰ ’ਤੇ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਘਰ-ਘਰ ਜਾ ਕੇ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਇਆ ਜਿਸ ਸਦਕੇ ਇਹ ਇਤਿਹਾਸਿਕ ਨਤੀਜੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਮੁਫ਼ਤ ਬਿਜਲੀ, ਬੁਨਿਆਦੀ ਢਾਂਚੇ, ਸੜਕਾਂ, ਪਾਣੀ ਦੀ ਸਪਲਾਈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਏ ਗਏ ਠੋਸ ਫੈਸਲਿਆਂ ਦਾ ਲਾਭ ਸਿੱਧੇ ਤੌਰ ’ਤੇ ਆਮ ਲੋਕਾਂ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਾਫ਼ ਨੀਤੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੇ ਲੋਕਾਂ ਦੇ ਮਨ ਵਿੱਚ ਵਿਸ਼ਵਾਸ ਮਜ਼ਬੂਤ ਕੀਤਾ ਹੈ, ਜਿਸਦਾ ਪ੍ਰਤੀਬਿੰਬ ਇਹ ਚੋਣ ਨਤੀਜੇ ਹਨ । ਦੋਹਾਂ ਵਿਧਾਇਕਾਂ ਨੇ ਨਵੀਂ ਚੁਣੀ ਗਈ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਿੰਡਾਂ ਅਤੇ ਬਲਾਕਾਂ ਦੇ ਵਿਕਾਸ, ਲੋਕਾਂ ਦੀਆਂ ਮੁਸ਼ਕਲਾਂ ਦੇ ਤੁਰੰਤ ਹੱਲ ਅਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਲਾਗੂ ਕਰਨਗੇ। ਉਨ੍ਹਾਂ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ, ਪਾਰਦਰਸ਼ਤਾ ਅਤੇ ਲੋਕ-ਹਿੱਤ ਨੂੰ ਪਹਿਲ ਦਿੰਦਿਆਂ ਕੰਮ ਕਰਦੀ ਰਹੇਗੀ।
