

ਪਟਿਆਲਾ, 4 ਅਪ੍ਰੈਲ (ਜਸਬੀਰ)- ਅੱਜ ਇਥੇ ਪਸਿਆਣਾ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਰਿਟਾਇਰਡ ਐਸੋਸੀਏਸ਼ਨ ਪੀ. ਪੀ. ਸੀ. ਐਲ., ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਸਿਆਣਾ ਥਾਣੇ ਅੱਗੇ ਇਕ ਸਥਾਨਕ ਪ੍ਰਾਪਰਟੀ ਡੀਲਰ ਖਿਲਾਫ ਅਤੇ ਪ੍ਰਸ਼ਾਸਨ ਖਿਲਾਫ਼ ਸੈਂਕੜੇ ਕਿਸਾਨਾਂ ਤੇ ਜਮਹੂਰੀ ਲੋਕਾਂ ਨੇ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 15 ਮਾਰਚ ਨੂੰ ਇਕ ਸਥਾਨਕ ਪ੍ਰਾਪਰਟੀ ਡੀਲਰ ਵਲੋਂ 20-25 ਵਿਅਕਤੀਆਂ ਨੂੰ ਨਾਲ ਲੈ ਕੇ ਪੰਜਾਬ ਇਨਕਲੇਵ ਸਮਾਣਾ ਰੋਡ ਸਵਾਜਪੁਰ ਵਿਖੇ ਕਲੋਨੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉੱਥੇ ਰਹਿ ਪਰਿਵਾਰਾਂ ਦੀ ਕੁੱਟ-ਮਾਰ ਕੀਤੀ ਅਤੇ ਕਈ ਦੇ ਸੱਟਾਂ ਮਾਰੀਆਂ ਤੇ ਜ਼ਖਮੀ ਕਰ ਦਿੱਤਾ। ਇਸ ਦੀ ਸਿਕਾਇਤ ਪਸਿਆਣਾ ਥਾਣੇ ਵਿਚ ਕੀਤੀ ਪਰ ਪੁਲਿਸ ਕਾਰਵਾਈ ਕਰਨ ਦੀ ਥਾਂ ਦੋਸ਼ੀ ਵਿਅਕਤੀਆਂ ਨੂੰ ਬਚਾਅ ਰਹੀ ਹੈ ਤੇ ਪੀੜ੍ਹਤਾਂ ’ਤੇ ਦਬਾਅ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ 22 ਮਾਰਚ ਨੂੰ ਇਸ ਸਬੰਧੀ ਇਕ ਮੰਗ ਪੱਤਰ ਐਸ. ਐਸ. ਪੀ. ਪਟਿਆਲਾ ਅਤੇ ਐਸ. ਡੀ. ਐਮ. ਨੂੰ ਮੰਗ ਪੱਤਰ ਦਿੱਤਾ ਗਿਆ, ਪ੍ਰੰਤੂ ਹਾਲੇ ਤੱਕ ਪ੍ਰਸ਼ਾਸਨ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਪੁਲਸ ਪ੍ਰਸ਼ਾਸਨ ਦੋਸ਼ੀਆਂ ਦੀ ਪਿੱਠ ਥਾਪੜ ਰਹੀ ਹੈ। ਦੋਸ਼ੀਆਂ ਨੇ ਪੀੜ੍ਹਤਾਂ ਦੇ ਘਰ ਆ ਕੇ ਹਮਲਾ ਕੀਤਾ ਗਿਆ ਤੇ ਜ਼ਖ਼ਮੀ ਕੀਤੇ ਗਏ ਸੀ, ਉਸ ਮੁਤਾਬਕ ਧਾਰਾਵਾਂ ਲਾਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕਰਨਾ ਬਣਦਾ ਸੀ, ਪ੍ਰੰਤੂ ਪੁਲਸ ਵੱਲੋ ਪੀੜਤਾਂ ਖਿਲਾਫ਼ ਤੇ ਯੂਨੀਅਨ ਆਗੂਆਂ ਖਿਲਾਫ਼ ਝੂਠਾ ਕੇਸ ਦਰਜ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੀੜਤਾਂ ਖਿਲਾਫ਼ ਕੇਸ ਰੱਦ ਕਰਕੇ ਮੁੱਖ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਰੈਲੀ ਵਿੱਚ ਆਗੂਆਂ ਨੇ ਕਿਹਾ ਜੇ ਪ੍ਰਸ਼ਾਸਨ ਵਲੋਂ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਤੇ ਰੋਸ ਵਿੱਚ ਕਾਲੇ ਝੰਡੇ ਵਿਖਾਉਣਗੇ।ਰੈਲੀ ਵਿੱਚ ਹੋਰਨਾਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਦਿੱਤੂਪੁਰ, ਸੋਹਣ ਸਿੰਘ, ਬਲਕਾਰ ਸਿੰਘ, ਡਾ. ਜਰਨੈਲ ਸਿੰਘ ਕਾਲੇਕੇ, ਅਵਤਾਰ ਸਿੰਘ ਕੌਰਜੀਵਾਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪਰਗਟ ਸਿੰਘ ਕਾਲਾਖਾੜ, ਬਹਾਦਰ ਸਿੰਘ ਦਦਹੇੜਾ, ਗੁਰਗਿਆਨ ਸਿੰਘ ਸਿਊਣਾ, ਰਾਮ ਚੰਦ ਧਾਮੋਮਾਜਰਾ, ਵਿਕਰਮ ਜੀਤ ਸਿੰਘ ਅਰਨੋ, ਗੁਰਨਾਮ ਸਿੰਘ ਢੈਂਠਲ, ਸੁਰਿੰਦਰ ਕਕਰਾਲਾ ਆਦਿ ਹਾਜਰ ਸਨ।