post

Jasbeer Singh

(Chief Editor)

Patiala News

ਡਾ. ਗਾਂਧੀ ਦੇ ਨਾਲ ਹੀ ਕਾਂਗਰਸ ’ਚ ਸ਼ਾਮਲ ਹੋਏ ਰਛਪਾਲ ਜੋੜਾਮਾਜਰਾ ਨੇ ਕੀਤੀ ਰਾਹੁਲ ਗਾਂਧੀ ਨਾਲ ਮੀਟਿੰਗ

post-img

ਪਟਿਆਲਾ, 4 ਅਪ੍ਰੈਲ (ਜਸਬੀਰ)-2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਸਮਾਣਾ ਤੋਂ ਸੰਯੁਕਤ ਕਿਸਾਨ ਮੋਰਚਾ ਵਲੋਂ ਬਣਾਈ ਗਈ ਸੰਯੁਕਤ ਸੰਘਰਸ਼ ਕਮੇਟੀ ਵਲੋਂ ਚੋਣ ਲੜਨ ਵਾਲੇ ਰਛਪਾਲ ਸਿੰਘ ਜੋੜਾਮਾਜਰਾ ਵੀ ਸਾਬਕਾ ਐਮ. ਪੀ. ਡਾ. ਧਰਮਵੀਰ ਗਾਂਧੀ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਦੋਨੋ ਆਗੂਆਂ ਨੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਦੇ ਰਾਜਨੀਤਕ ਹਾਲਾਤਾਂ ’ਤੇ ਚਰਚਾ ਕੀਤੀ। ਇਸ ਮੌਕੇ ਰਾਹੁਲ ਗਾਂਧੀ ਨੇ ਰਛਪਾਲ ਜੋੜਾਮਾਜਰਾ ਨਾਲ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ। ਜੋੜਾਮਾਜਰਾ ਨੇ ਉਨ੍ਹਾਂ ਦੱਸਿਆ ਕਿ ਉਹ 1986-87 ਵਿਚ ਪਟਿਆਲਾ ਦੇ ਮੋਦੀ ਕਾਲਜ ਵਿਚ ਪੜ੍ਹਦੇ ਸਮੇਂ ਵਿਦਿਆਰਥੀ ਰਾਜਨੀਤੀ ਵਿਚ ਆ ਗਏ ਸਨ ਅਤੇ ਵਿਦਿਆਰਥੀ ਚੋਣਾਂ ਜਿੱਤ ਕੇ ਜਨਰਲ ਸਕੱਤਰ ਬਣੇ। ਇਸ ਤੋਂ ਬਾਅਦ ਉਹ 1988 ਵਿਚ ਯੂਥ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਜ਼ਿਲੇ ਦੇ ਜੁਆਇੰਟ ਸਕੱਤਰ ਬਣੇ। ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲਾ ਯੂਥ ਕਾਂਗਰਸ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਕਾਂਗਰਸ ਵਿਚ ਪੰਜਾਬ ਪੱਧਰ ’ਤੇ ਕੰਮ ਕੀਤਾ। ਪੰਜਾਬ ਕਾਂਗਰਸ ਦੇ ਸਕੱਤਰ ਅਤੇ ਹੋਰ ਕਈ ਅਹੁਦਿਆਂ ’ਤੇ ਰਹੇ। 1999 ਵਿਚ ਆਲ ਇੰਡੀਆ ਪੱਧਰ ’ਤੇ ਕਾਂਗਰਸ ਦੇ ਘੱਟ ਗਿਣਤੀ ਸੈਲ ਵਿਚ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦੀ ਵਿਚਾਰਧਾਰਾ ਨਾਲ ਸਬੰਧਤ ਸਨ ਕਿਉਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਅਤੇ ਹਿੰਦੁਸਤਾਨ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਜਦੋਂ ਤੋਂ ਕਾਂਗਰਸ ’ਤੇ ਪਟਿਆਲਾ ਦੇ ਸ਼ਾਹੀ ਪਰਿਵਾਰ ਦਾ ਕਬਜ਼ਾ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਰੇ ਅਤੇ 1998 ਤੋਂ ਲੈ ਕੇ 2016 ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਹੀ ਕਬਜ਼ਾ ਰਿਹਾ। ਮੋਤੀਮ ਮਹਿਲ ਵਾਲਿਆਂ ਨੇ ਟਕਸਾਲੀ ਕਾਂਗਰਸੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ। ਕਾਂਗਰਸ ਦੇ ਟਕਸਾਲੀ ਆਗੂ ਜਿਨ੍ਹਾਂ ਵਿਚ ਮਰਹੂਮ ਜਸਜੀਤ ਸਿੰਘ ਰੰਧਾਵਾ, ਮਰਹੂਮ ਹਮੀਰ ਸਿੰਘ, ਮਰਹੂਮ ਰਾਜ ਕੁਮਾਰ ਖੁਰਾਣਾ ਅਤੇ ਸ਼ੀਲਮ ਸੋਹੀ ਵਰਗੇ ਆਗੂਆਂ ਨੂੰ ਪਾਰਟੀ ਵਿਚੋਂ ਖਤਮ ਕਰ ਦਿੱਤਾ। ਉਹ ਵੀ ਪੁਰਾਣੇ ਕਾਂਗਰਸੀ ਸਨ। ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਪਾਰਟੀ ਤੋਂ ਉਪਰ ਸਮਝਦੇ ਸਨ, ਜਿਸ ਤੋਂ ਦੁਖੀ ਹੋ ਕੇ ਉਹ ਕਾਂਗਰਸ ਛੱਡ ਕੇ ਚਲੇ ਗਏ ਸਨ ਅਤੇ ਬਾਅਦ ਵਿਚ ਉਨ੍ਹਾਂ ਕਿਸਾਨ ਅੰਦੋਲਨ ਵਿਚ ਲਗਭਗ ਦੋ ਸਾਲ ਕੰਮ ਕੀਤਾ ਅਤੇ ਕਿਸਾਨਾਂ ਦੇ ਸੰਘਰਸ਼ ਦੌਰਾਨ ਮੋਦੀ ਸਰਕਾਰ ਦੇ ਖਿਲਾਫ ਲੜਾਈ ਲੜੀ। ਕਿਸਾਨਾਂ ਨੇ ਉਨ੍ਹਾਂ ਨੂੰ ਸਮਾਣਾ ਤੋਂ ਚੋਣਾਂ ਵਿਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਧਰਮਵੀਰ ਗਾਂਧੀ ਦੇ ਨਾਲ ਉਹ ਹਮੇਸ਼ਾ ਹੀ ਡਟ ਕੇ ਖੜ੍ਹੇ ਰਹੇ ਹਨ। ਡਾ. ਗਾਂਧੀ ਦੀ ਸੋਚ ਵੀ ਧਰਮ ਨਿਰਪੱਖ ਅਤੇ ਕਾਂਗਰਸ ਪੱਖੀ ਸੀ, ਜਿਸ ਕਰਕੇ ਉਨ੍ਹਾਂ ਦੀ ਡਾ. ਗਾਂਧੀ ਨਾਲ ਹਮੇਸ਼ਾ ਹੀ ਵਿਚਾਰਕ ਸਾਂਝ ਰਹੀ ਅਤੇ ਉਹ ਦੋਨੋ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪਾਰਟੀ ਪਟਿਆਲਾ ਤੋਂ ਜਿਸ ਨੂੰ ਵੀ ਟਿਕਟ ਦਵੇਗੀ, ਉਸ ਦੀ ਡਟ ਕੇ ਮਦਦ ਕਰਾਂਗੇ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਰਛਪਾਲ ਜੋੜਾਮਾਜਰਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਅਮੇਠੀ ਅਤੇ ਰਾਏਬਰੇਲੀ ਵਿਚ ਵੀ ਗਾਂਧੀ ਪਰਿਵਾਰ ਲਈ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਕਈ ਘਟਨਾਵਾਂ ਰਾਹੁਲ ਗਾਂਧੀ ਨੂੰ ਵੀ ਯਾਦ ਕਰਵਾਈਆਂ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਯਾਦ ਆ ਰਿਹਾ ਹੈ ਜਦੋਂ ਰਛਪਾਲ ਜੋੜਾਮਾਜਰਾ ਨੇ ਅਮੇਠੀ ਵਿਚ ਲਗਭਗ 15 ਦਿਨ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ। ਰਾਹੁਲ ਗਾਂਧੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਰਛਪਾਲ ਜੋੜਾਮਾਜਰਾ ਨੂੰ ਕਾਫੀ ਤਵੱਜੋ ਦਿੱਤੀ।   

Related Post