ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’
- by Jasbeer Singh
- September 21, 2024
ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’ ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਜੋ ਕਿ ਉਸਾਰੀ ਕਿਰਤੀਆਂ ਦੀ ਭਲਾਈ ਲਈ ਕੰਮ ਕਰਦਾ ਹੈ, ਨੇ ਪ੍ਰਸਿੱਧ ‘ਸਕੌਚ ਐਵਾਰਡ’ ਹਾਸਲ ਕੀਤਾ ਹੈ । ਕਿਰਤ ਵਿਭਾਗ ਦੇ ਸਕੱਤਰ , ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ., ਕਿਰਤ ਕਮਿਸ਼ਨਰ, ਰਾਜੀਵ ਕੁਮਾਰ ਗੁਪਤਾ ਆਈ.ਏ.ਐਸ. ਅਤੇ ਬੀ.ਓ.ਸੀ.ਡਬਲਿਊ. ਵੈਲਫੇਅਰ ਬੋਰਡ ਦੇ ਉੱਪ ਸਕੱਤਰ ਜਸ਼ਨਦੀਪ ਸਿੰਘ ਕੰਗ ਨੇ ਸਿਲਵਰ ਓਕ ਹਾਲ, ਇੰਡੀਅਨ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਕਰਵਾਏ 99ਵੇਂ ਸਕੌਚ ਸੰਮੇਲਨ ਵਿੱਚ ਇਹ ਵਕਾਰੀ ਪੁਰਸਕਾਰ ਪ੍ਰਾਪਤ ਕੀਤਾ । ਸਾਲ 2003 ਵਿੱਚ ਸਥਾਪਿਤ, ਇਸ ਪੁਰਸਕਾਰ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਭਾਰਤ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ, ਪ੍ਰੋਜੈਕਟਾਂ ਅਤੇ ਸੰਸਥਾਵਾਂ ਨੂੰ ਮਾਨਤਾ ਦਿੰਦਾ ਹੈ। ਇਸਨੂੰ ਸ਼ਾਸਨ, ਵਿੱਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਇੱਕ ਮਾਪਦੰਡ ਵਜੋਂ ਵੀ ਦੇਖਿਆ ਜਾਂਦਾ ਹੈ । ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਵਿਭਾਗਾਂ ਨੇ ਇਸ ਸਾਲ ਸਕੌਚ ਐਵਾਰਡ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਪੰਜਾਬ ਬੀ.ਓ.ਸੀ. ਵੈਲਫੇਅਰ ਬੋਰਡ ਨੇ ‘‘ਲੇਬਰ ’’ ਡੋਮੇਨ ਦੀ ‘‘ ਲੇਬਰ ਪਾਲਿਸੀ ਡਿਵੈਲਪਮੈਂਟ ਐਂਡ ਇੰਪਲੀਮੈਂਟੇਸ਼ਨ’’ ਸ਼੍ਰੇਣੀ ਤਹਿਤ ਆਪਣੀ ਨਾਮਜ਼ਦਗੀ ‘‘ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਸਕੀਮਾਂ’’ ਦੇ ਨਾਮ ਹੇਠ ਦਾਖਲ ਕੀਤੀ ਸੀ। ਪੜਤਾਲ ਦੇ ਪਹਿਲੇ ਗੇੜ ਵਿੱਚ, ਫੈਸਲਿਆਂ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ ਲਿਖਤੀ ਬੇਨਤੀਆਂ ਕੀਤੀਆਂ ਗਈਆਂ । ਦੂਜੇ ਗੇੜ ਵਿੱਚ, ਪ੍ਰੋਜੈਕਟ ਦਾ ਮੁਲਾਂਕਣ ਕਰਨ ਵਾਲੇ ਜਿਊਰੀ ਮੈਂਬਰਾਂ, ਜਿਸ ਵਿੱਚ ਸੇਵਾਮੁਕਤ ਨੌਕਰਸ਼ਾਹਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਸਨ, ਦੇ ਪੈਨਲ ਨੂੰ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ । ਪੰਜਾਬ ਬੀ.ਓ.ਸੀ. ਬੋਰਡ ਨੇ ਉਸਾਰੀ ਕਿਰਤੀਆਂ ਦੇ ਸਸ਼ਕਤੀਕਰਨ ਅਤੇ ਭਲਾਈ ਲਈ ਚੰਗੇ ਪ੍ਰਸ਼ਾਸਨ ਦੇ ਸੱਤ ਸਿਧਾਂਤਾਂ ਵਿੱਚ ਕੀਤੇ ਗਏ ਯਤਨਾਂ ਨੂੰ ਉਜਾਗਰ ਕੀਤਾ। ਤੀਜੇ ਗੇੜ ਲਈ ਕੁਆਲੀਫਾਈ ਕਰਨ ਤੋਂ ਬਾਅਦ, ਪੇਸ਼ਕਾਰੀ ਵੋਟਿੰਗ ’ਤੇ ਅਧਾਰਤ ਸੀ, ਜਿਸ ਵਿੱਚ ਪੰਜਾਬ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪੰਜਾਬ ਤੋਂ ਬਾਅਦ ਮਹਾਰਾਸ਼ਟਰ ਸੀ। ਇਨ੍ਹਾਂ ਤਿੰਨ ਗੇੜਾਂ ਤੋਂ ਬਾਅਦ ਪੰਜਾਬ ਬੀ.ਓ.ਸੀ. ਭਲਾਈ ਬੋਰਡ ਨੂੰ ਸਕੌਚ ਐਵਾਰਡ ਦਿੱਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.