post

Jasbeer Singh

(Chief Editor)

ਐਨ. ਆਈ. ਏ. ਦੀ ਛਾਪੇਮਾਰੀ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਡਟਵਾਂ ਵਿਰੋਧ

post-img

ਐਨ. ਆਈ. ਏ. ਦੀ ਛਾਪੇਮਾਰੀ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਡਟਵਾਂ ਵਿਰੋਧ ਸ੍ਰੀ ਮੁਕਤਸਰ ਸਾਹਿਬ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਵਰਕਰ ਸਵਰਨਜੀਤ ਕੌਰ ਗੰਧੜ ਅਤੇ ਵੱਖ ਵੱਖ ਜਥੇਬੰਦੀਆਂ `ਚ ਕੰਮ ਕਰਦੀਆਂ ਉਹਨਾਂ ਦੀਆਂ ਧੀਆਂ ਨੌਦੀਪ, ਹਰਵੀਰ ਕੌਰ ਤੇ ਰਾਜਵੀਰ ਕੌਰ ਗੰਧੜ ਦੇ ਘਰ ਪਿੰਡ ਗੰਧੜ ਜਿ਼ਲ੍ਹਾ ਸ੍ਰੀ ਮੁਕਤਸਰ ਵਿਖੇ ਐਨ ਆਈ ਏ ਵੱਲੋਂ ਅੱਜ ਸਵੇਰੇ ਸਵਾ ਪੰਜ ਦੇ ਕਰੀਬ ਕੀਤੀ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਮੌਕੇ `ਤੇ ਪਹੁੰਚੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ਵਿਚ ਜੁੜੇ ਖੇਤ ਮਜ਼ਦੂਰਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ । ਇਸ ਕਰਕੇ ਪੁਲਿਸ ਸਵਰਨਜੀਤ ਕੌਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰ ਸਕੀ । ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਇਸ ਕਾਰਵਾਈ ਨੂੰ ਲੋਕਾਂ ਦੀ ਜ਼ੁਬਾਨਬੰਦੀ ਕਰਾਰ ਦਿੰਦਿਆਂ ਆਖਿਆ ਕਿ ਮੋਦੀ ਸਰਕਾਰ ਸਮੁੱਚੇ ਮੁਲਕ ਨੂੰ ਪੁਲਿਸ ਰਾਜ਼ ਵਿੱਚ ਤਬਦੀਲ ਕਰਨ `ਤੇ ਤੁਲੀ ਹੋਈ ਹੈ ਅਤੇ ਲੋਕਾਂ ਦੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ । ਇਸੇ ਦੌਰਾਨ ਸਵਰਨਜੀਤ ਕੌਰ ਤੇ ਉਹਨਾਂ ਦੇ ਪੁੱਤਰ ਰਾਮਪਾਲ ਨੇ ਦੱਸਿਆ ਕਿ ਐਨ. ਆਈ. ਏ. ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਚਾਹ ਪਾਣੀ ਨਹੀਂ ਪੀਣ ਦਿੱਤਾ ਤੇ ਬਾਥਰੂਮ ਜਾਣ ਤੋਂ ਵੀ ਜਬਰੀ ਰੋਕ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਗਿਆ । ਉਨਾਂ ਦੱਸਿਆ ਕਿ ਐਨ ਆਈ ਏ ਦੇ ਅਧਿਕਾਰੀ ਉਹਨਾਂ ਦਾ ਮੋਬਾਇਲ ਫੋਨ,ਇੱਕ ਡਾਇਰੀ ਵਗੈਰਾ ਲੈ ਗਏ। ਛਾਪੇਮਾਰੀ ਸਮੇਂ ਪਹੁੰਚੇ ਖੇਤ ਮਜ਼ਦੂਰ ਆਗੂਆਂ ਵੱਲੋਂ ਜਦੋਂ ਐਨ. ਆਈ. ਏ. ਦੇ ਅਧਿਕਾਰੀਆਂ ਨੂੰ ਇਸ ਪਰਿਵਾਰ ਖ਼ਿਲਾਫ਼ ਦਰਜ ਮਾਮਲੇ ਤੇ ਤਲਾਸ਼ੀ ਵਰੰਟਾਂ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੂੰ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤ ਲੱਖੇਵਾਲੀ ਥਾਣੇ ਆ ਕੇ ਜਾਣਕਾਰੀ ਹਾਸਲ ਕਰਨ ਦਾ ਕਹਿ ਕੇ ਇਹ ਅਧਿਕਾਰੀ ਚਲੇ ਗਏ ।

Related Post

Instagram