
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2025 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ
- by Jasbeer Singh
- September 9, 2025

ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2025 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ ਦੋਵਾਂ ਭਾਸ਼ਾਵਾਂ ਦੀਆਂ 05 ਸਰਵੋਤਮ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣਗੇ ਪੁਰਸਕਾਰ ਪਟਿਆਲਾ, 9 ਸਤੰਬਰ 2025 : ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਵਿਭਾਗ ਵੱਲੋਂ ਹਿੰਦੀ ਤੇ ਉਰਦੂ ਭਾਸ਼ਾਵਾਂ ਦੇ ਸਰਵੋਤਮ ਪੁਸਤਕ ਪੁਰਸਕਾਰਾਂ (2025) ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸਬੰਧੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ, ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2025 ਦੇ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਰੋਹ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਪਿਛਲੇ ਸਾਲ-2024 ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਹਿੰਦੀ ਅਤੇ ਉਰਦੂ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ । ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000 ਦੇ ਨਾਲ-ਨਾਲ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਇਹ ਪੁਰਸਕਾਰ ਸਾਲ 2024 ‘ਚ ਛਪੀਆਂ ਹਿੰਦੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 4 ਸਰਵੋਤਮ ਪੁਸਤਕਾਂ ਨੂੰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਿਧਾਵਾਂ ਦੀਆਂ 26 ਕਿਤਾਬਾਂ ਪ੍ਰਾਪਤ ਹੋਈਆਂ ਸਨ। ਉਰਦੂ ਦੇ 1 ਪੁਰਸਕਾਰ ਲਈ 03 ਕਿਤਾਬਾਂ ਪ੍ਰਾਪਤ ਹੋਈਆਂ ਸਨ । ਐਲਾਨੇ ਗਏ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ (ਕਵਿਤਾ) ਪੁਰਸਕਾਰ, ਕਮਲ ਪੁਰੀ ਦੀ ਪੁਸਤਕ ‘ਚਾਕ ਪਰ ਚੜ੍ਹੇ ਸ਼ਬਦ ’ ਨੂੰ ਸੁਦਰਸ਼ਨ ਗਲਪ (ਨਾਵਲ/ਕਹਾਣੀ) ਪੁਰਸਕਾਰ, ਅਨੰਤ ਸ਼ਰਮਾ ਅਨੰਤ ਦੀ ਪੁਸਤਕ ‘ਘਰ-ਘਰ ਕੀ ਕਹਾਣੀ’ ਨੂੰ ਇੰਦਰਨਾਥ ਮਦਾਨ (ਆਲੋਚਨਾ/ਸੰਪਾਦਨ/ਗਿਆਨ/ਖੋਜ) ਪੁਰਸਕਾਰ ਡਾ. ਨੀਤੂ ਰਾਣੀ ਦੀ ਪੁਸਤਕ ‘ਸ਼੍ਰੀ ਲਾਲ ਸ਼ੁਕਲ ਕੇ ਸਾਹਿਤਯ ਮੇਂ ਰਾਜਨੀਤਿਕ ਚੇਤਨਾ ਕੇ ਸਵਰ’ ਨੂੰ, ਬਾਬਾ ਫ਼ਤਹਿ ਸਿੰਘ (ਬਾਲ ਸਾਹਿਤ) ਪੁਰਸਕਾਰ ਸੁਸ਼ੀਲ ਕੁਮਾਰ ਫੁੱਲ ਦੀ ਪੁਸਤਕ ‘ਲਲਕਾਰ’ ਨੂੰ ਪ੍ਰਦਾਨ ਕੀਤੇ ਜਾਣਗੇ । ਸਰਵੋਤਮ ਉਰਦੂ ਪੁਸਤਕ ਪੁਰਸਕਾਰ ਤਹਿਤ ਹਾਫ਼ਿਜ਼ ਮਹਿਮੂਦ ਸ਼ੀਰਾਨੀ (ਤਨਕੀਦ)-2025, ਡਾ. ਕਹਿਕਸ਼ਾਂ ਫ਼ਲਕ ਦੀ ਪੁਸਤਕ ‘ਉਰਦੂ ਅਫ਼ਸਾਨਾ ਔਰ ਪੰਜਾਬ’ ਨੂੰ ਪ੍ਰਦਾਨ ਕੀਤਾ ਜਾਵੇਗਾ । ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਵੱਖ-ਵੱਖ ਭਾਸ਼ਾਵਾਂ ਦੇ ਸਰਵੋਤਮ ਪੁਸਤਕ ਪੁਰਸਕਾਰ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਪ੍ਰਦਾਨ ਕਰ ਦਿੱਤੇ ਜਾਣਗੇ । ਦੱਸਣਯੋਗ ਹੈ ਕਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਾਰੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ । ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ ।