
ਮਹਿਲਾ ਦਿਵਸ ਮੌਕੇ ਪੰਜਾਬ ਮਹਿਲਾ ਕਾਂਗਰਸ ਨੇ ਜਿੱਤਿਆ ਨੈਸ਼ਨਲ ਐਵਾਰਡ
- by Jasbeer Singh
- March 13, 2025

ਮਹਿਲਾ ਦਿਵਸ ਮੌਕੇ ਪੰਜਾਬ ਮਹਿਲਾ ਕਾਂਗਰਸ ਨੇ ਜਿੱਤਿਆ ਨੈਸ਼ਨਲ ਐਵਾਰਡ ਅਲਕਾ ਲਾਂਬਾ ਤੇ ਕਾਜ਼ੀ ਨਿਜ਼ਾਮੁਦੀਨ ਨੇ ਕੀਤੀ ਸ਼ਲਾਘਾ ਦਿੱਲ੍ਹੀ ਮਾਰਚ : ਮਹਿਲਾ ਦਿਵਸ ਦੇ ਸ਼ੁੱਭ ਅਵਸਰ ਤੇ ਆਲ ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਵਲੋਂ ਇੰਦਰਾ ਭਵਨ ਦਿੱਲੀ ਵਿਖੇ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਲ ਇੰਡੀਆ ਕਾਂਗਰਸ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ । ਇਸ ਸਮਾਗਮ ਵਿਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਉਨ੍ਹਾਂ ਦੀ ਟੀਮ ਚਰਚਾ ਦਾ ਵਿਸ਼ਾ ਬਣੇ ਰਹੇ ਕਿਉੰਕਿ ਮੋਦੀ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਵਿਰੁੱਧ ਕਾਂਗਰਸ ਪਾਰਟੀ ਦੇ ਕਈ ਅਹਿਮ ਮੁੱਦਿਆਂ ਉਤੇ ਲੜਾਈ ਲੜਨ ਵਿੱਚ ਗੁਰਸ਼ਰਨ ਰੰਧਾਵਾ ਤੇ ਪੰਜਾਬ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਮੌਕੇ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਦੌਰਾਨ ਪਟਿਆਲਾ ਦੇ ਇੰਚਾਰਜ ਰਹੇ ਮੁੱਖ ਮਹਿਮਾਨ ਸ੍ਰੀ ਕਾਜ਼ੀ ਨਿਜ਼ਾਮੁਦੀਨ ਨੇ ਆਪਣੀ ਤਕਰੀਰ ਦੌਰਾਨ ਗੁਰਸ਼ਰਨ ਕੌਰ ਰੰਧਾਵਾ ਤੇ ਉਨ੍ਹਾਂ ਦੀ ਟੀਮ ਦੇ ਰੋਲ ਦੀ ਵੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਡਾਕਟਰ ਗਾਂਧੀ ਦੀ ਚੋਣ ਵਿੱਚ ਜਦੋਂ ਮੁਸ਼ਕਿਲ ਹਾਲਾਤ ਬਣੇ ਹੋਏ ਸੀ ਤਾਂ ਰੰਧਾਵਾ ਤੇ ਇਨ੍ਹਾਂ ਦੀ ਟੀਮ ਨੇ ਅਹਿਮ ਰੋਲ ਨਿਭਾਕੇ ਪਾਰਟੀ ਦੀ ਜਿੱਤ ਯਕੀਨੀ ਬਣਾਈ । ਇਸੇ ਦੌਰਾਨ ਅਲਕਾ ਲਾਂਬਾ ਤੇ ਕਾਜ਼ੀ ਨਿਜ਼ਾਮੁਦੀਨ ਵੱਲੋਂ ਪੰਜਾਬ ਮਹਿਲਾ ਕਾਂਗਰਸ ਨੂੰ ਦੇਸ਼ ਤੇ ਸੂਬੇ ਦੇ ਅਹਿਮ ਮੁੱਦਿਆਂ ਦੀ ਲੜਾਈ ਤੇ ਸਮੇਂ ਸਮੇਂ ਤੇ ਹੋਈਆਂ ਚੋਣਾ ਵਿੱਚ ਸਿਆਸੀ ਸਮਾਗਮਾਂ ਆਪਣਾ ਅਹਿਮ ਯੋਗਦਾਨ ਪਾਉਣ ਲਈ ਰਾਸ਼ਟਰੀ ਐਵਾਰਡ ਵੀ ਦਿੱਤਾ ਗਿਆ । ਪੰਜਾਬ ਲਈ ਇਨਾਮ ਪ੍ਰਾਪਤ ਕਰਨ ਮੌਕੇ ਬੀਬੀ ਰੰਧਾਵਾ ਦੇ ਨਾਲ ਕੋਆਰਡੀਨੇਟਰ ਸ੍ਰੀਮਤੀ ਨਤਾਸ਼ਾ ਸ਼ਰਮਾ, ਡ: ਜਸਲੀਨ ਸੇਠੀ, ਸੂਬਾ ਮੀਤ ਪ੍ਰਧਾਨ ਕਿਰਨ ਗਰੇਵਾਲ, ਸਿਮਰਤ ਧਾਲੀਵਾਲ, ਸੰਤੋਸ਼ ਸਵੱਦੀ, ਜਸਬੀਰ ਕੌਰ ਮੂਨਕ, ਹਰਸਿਮਰਤ ਕੌਰ ਵੀ ਹਾਜ਼ਰ ਰਹੇ ।