
ਪੰਜਾਬ ਦੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਓਡੀਸ਼ਾ ਦੇ ਕੋਨਾਰਕ ਵਿਖੇ ਖਣਨ ਮੰਤਰੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ‘ਚ
- by Jasbeer Singh
- January 27, 2025

ਪੰਜਾਬ ਦੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਓਡੀਸ਼ਾ ਦੇ ਕੋਨਾਰਕ ਵਿਖੇ ਖਣਨ ਮੰਤਰੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ‘ਚ ਕੀਤੀ ਸ਼ਿਰਕਤ ਪੰਜਾਬ ਦੇ ਪਾਰਦਰਸ਼ੀ ਖਣਨ ਅਭਿਆਸਾਂ ‘ਤੇ ਚਾਨਣਾ ਪਾਇਆ, ਰੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਦੀ ਮੁਖਾਫ਼ਲਤ ਕਰਦਿਆਂ ਖਣਨ ਸਬੰਧੀ ਪ੍ਰਵਾਨਗੀਆਂ ਵਿੱਚ ਸੂਬਿਆਂ ਨੂੰ ਸਸ਼ਕਤ ਬਣਾਉਣ ਦੀ ਕੀਤੀ ਵਕਾਲਤ ਚੰਡੀਗੜ੍ਹ, 27 ਜਨਵਰੀ : ਪੰਜਾਬ ਦੇ ਖਣਨ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਉਡੀਸ਼ਾ ਦੇ ਕੋਨਾਰਕ ਵਿਖੇ ਹੋਈ ਖਣਨ ਮੰਤਰੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ । ਇਸ ਕਾਨਫਰੰਸ ਵਿੱਚ ਕੇਂਦਰੀ ਖਣਨ ਮੰਤਰੀ, 11 ਰਾਜਾਂ ਦੇ ਪ੍ਰਤੀਨਿਧੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ । ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਖਣਨ ਪ੍ਰਤੀ ਪੰਜਾਬ ਦੀ ਵਿਲੱਖਣ ਪਹੁੰਚ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦੂਜੇ ਰਾਜਾਂ ਦੇ ਉਲਟ ਜਿਥੇ ਖਣਨ ਗਤੀਵਿਧੀਆਂ ਧਰਤੀ ਦੀ ਹੇਠਲੀ ਸਤ੍ਹਾ ਵਿੱਚ ਕੀਤੀਆਂ ਜਾਂਦੀਆਂ ਹਨ, ਉਥੇ ਪੰਜਾਬ ਦੀਆਂ ਖਣਨ ਗਤੀਵਿਧੀਆਂ ਉਪਰਲੀ ਸਤ੍ਹਾ ‘ਤੇ ਹੀ ਕੀਤੀਆਂ ਜਾਂਦੀਆਂ ਹਨ । ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਆਪਣੇ ਕੁਦਰਤੀ ਸਰੋਤਾਂ ਦੀ ਸਰਬੋਤਮ ਵਰਤੋਂ ਕਰ ਰਿਹਾ ਹੈ ਅਤੇ ਜਿਵੇਂ ਕਿ ਸੂਬੇ ਨੇ ਇੰਨੇ ਸਾਲਾਂ ਦੇ ਅਰਸੇ ਦੌਰਾਨ ਜ਼ਿੰਮੇਵਾਰੀ ਨਾਲ ਆਪਣੀਆਂ ਖੇਤੀ ਗਤੀਵਿਧੀਆਂ ਦਾ ਵਿਸਥਾਰ ਕਰਕੇ ਪੂਰੇ ਦੇਸ਼ ਦਾ ਢਿੱਠ ਭਰਿਆ ਹੈ, ਉਸੇ ਤਰ੍ਹਾਂ ਰਾਜ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਖਣਨ ਦੇ ਖੇਤਰ ਵਿੱਚ ਵੀ ਕੁਦਰਤੀ ਸਰੋਤਾਂ ਦੀ ਢੁਕਵੀਂ ਵਰਤੋਂ ਕੀਤੀ ਜਾ ਰਹੀ ਹੈ । ਮੰਤਰੀ ਨੇ ਪੰਜਾਬ ਦੇ ਖਣਨ ਖੇਤਰ ਵਿੱਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ 'ਤੇ ਜ਼ੋਰ ਦਿੱਤਾ, ਜਿਸ ਨਾਲ ਆਮ ਨਾਗਰਿਕਾਂ ਨੂੰ ਕਿਫਾਇਤੀ ਦਰਾਂ ‘ਤੇ ਰੇਤਾ ਮਿਲਣ ਦੇ ਨਾਲ-ਨਾਲ ਸਥਾਨਕ ਮਜ਼ਦੂਰਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਹੋ ਸਕੇ । ਕਾਨਫ਼ਰੰਸ ਦੌਰਾਨ ਸ੍ਰੀ ਗੋਇਲ ਨੇ ਰੱਖਿਆ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਨਿਰਦੇਸ਼ਾਂ ‘ਤੇ ਚਿੰਤਾ ਪ੍ਰਗਟ ਕੀਤੀ, ਜਿਸ ਵਿੱਚ ਸਰਹੱਦ ਦੇ 20 ਕਿਲੋਮੀਟਰ ਦੇ ਖੇਤਰ ਅੰਦਰ ਖਣਨ ਗਤੀਵਿਧੀਆਂ ਲਈ ਪਹਿਲਾਂ ਪ੍ਰਵਾਨਗੀ ਲੈਣੀ ਹੋਵੇਗੀ। ਉਨ੍ਹਾਂ ਇਸ ਫੈਸਲੇ ਨੂੰ ਪੱਖਪਾਤੀ ਦੱਸਦਿਆਂ ਕਿਹਾ ਕਿ ਪੰਜਾਬ ਰਾਜ ਵਿੱਚ ਰਾਵੀ,ਬਿਆਸ ਅਤੇ ਸਤਲੁਜ ਤਿੰਨ ਦਰਿਆ ਹਨ, ਜਿੱਥੇ ਖਣਨ ਹੋ ਸਕਦੀ ਹੈ ਅਤੇ ਇਨ੍ਹਾਂ ਵਿੱਚੋਂ ਦੋ ਦਰਿਆ ਇਸ ਫੈਸਲੇ ਤੋਂ ਪ੍ਰਭਾਵਿਤ ਹੁੰਦੇ ਹਨ, ਜਿਸਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ । ਸ਼੍ਰੀ ਗੋਇਲ ਨੇ ਖਣਨ ਸਾਈਟਾਂ ਲਈ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਪ੍ਰਾਪਤ ਕਰਨ ਵਿੱਚ ਦੇਰੀ ਦਾ ਮੁੱਦਾ ਵੀ ਉਠਾਇਆ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਕਿਸੇ ਵੀ ਖਣਨ ਗਤੀਵਿਧੀ ਨੂੰ ਜਾਰੀ ਰੱਖਣ ਤੋਂ ਇਨਕਾਰ ਕਰਦਾ ਹੈ ਜਾਂ ਕੋਈ ਘਪਲਾ ਕਰਦਾ ਹੈ ਤਾਂ ਉਸ ਠੇਕੇਦਾਰ ਨੂੰ ਵਾਤਾਵਰਣ ਸਬੰਧੀ ਜਾਰੀ ਕੀਤੀਆਂ ਪ੍ਰਵਾਨਗੀਆਂ ਬਾਰੇ ਕੋਈ ਫੈਸਲਾ ਲੈਣ ਲਈ ਸਰਕਾਰ ਨੂੰ ਵੱਧ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਸਬੰਧੀ ਨਵੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਵਿੱਚ ਬੇਲੋੜੀ ਦੇਰੀ ਖਤਮ ਹੋਵੇਗੀ । ਇਸ ਤੋਂ ਇਲਾਵਾ ਮੰਤਰੀ ਨੇ ਕੇਂਦਰੀ ਖਣਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਾਏ ਗਏ ਪੋਟਾਸ਼ ਦੇ ਵੱਡੇ ਭੰਡਾਰਾਂ ਦੀ ਵਰਤੋਂ ਰਾਹੀਂ ਸੂਬੇ ਨੂੰ ਆਪਣੀਆਂ ਖਣਨ ਗਤੀਵਿਧੀਆਂ ਦਾ ਵਿਸਥਾਰ ਵੱਡੇ ਖਣਿਜ ਭੰਡਾਰਾਂ ਤੱਕ ਕਰਨ ਵਾਸਤੇ ਸਹਾਇਤਾਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੀ ਪੱਧਰ ‘ਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਜੋ ਕਿ ਉਹ ਹਰ ਸਾਲ ਪੋਟਾਸ਼ ਦੀ ਦਰਾਮਦ ਲਈ ਅਦਾ ਕਰਨਾ ਪੈਂਦਾ ਹੈ । ਸ੍ਰੀ ਗੋਇਲ ਨੇ ਟਿਕਾਊ ਖਣਨ ਅਭਿਆਸਾਂ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਰਾਜ ਦੇ ਖਣਨ ਖੇਤਰ ਨੂੰ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਹਿਯੋਗ ਦੀ ਮੰਗ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.