post

Jasbeer Singh

(Chief Editor)

Patiala News

ਭਗੌੜੇ ਗੁਰਪਤਵੰਤ ਪੰਨੂੰ ਨੂੰ ਕੈਂਟਰ ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਵੇਗੀ ਪੰਜਾਬ ਪੁਲਸ : ਡੀ. ਆਈ. ਜੀ. ਮਨਦੀਪ ਸਿੰਘ ਸਿ

post-img

ਭਗੌੜੇ ਗੁਰਪਤਵੰਤ ਪੰਨੂੰ ਨੂੰ ਕੈਂਟਰ ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਵੇਗੀ ਪੰਜਾਬ ਪੁਲਸ : ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ -ਡੀ. ਆਈ. ਜੀ. ਸਿੱਧੂ ਵੱਲੋਂ ਐਸ. ਐਸ. ਪੀ. ਡਾ. ਨਾਨਕ ਸਿੰਘ ਨਾਲ ਪੋਲੋ ਗਰਾਊਂਡ ਵਿਖੇ ਸੁਰੱਖਿਆ ਦਾ ਜਾਇਜ਼ਾ ਪਟਿਆਲਾ, 25 ਜਨਵਰੀ : ਪਟਿਆਲਾ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਗ਼ੈਰਸਮਾਜੀ ਅਨਸਰ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਦੇਸ਼ ਤੇ ਸਮਾਜ ਵਿਰੋਧੀ ਤੱਤਾਂ ਨਾਲ ਕਰੜੇ ਹੱਥੀਂ ਸਿੱਝਿਆ ਜਾਵੇਗਾ । ਡੀ. ਆਈ. ਜੀ. ਸਿੱਧੂ ਨੇ ਅੱਜ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨਾਲ ਪੋਲੋ ਗਰਾਊਂਡ, ਜਿੱਥੇ ਕਿ ਗਣਤੰਤਰ ਦਿਵਸ ਦਾ ਸਮਾਗਮ ਹੋਣਾ ਹੈ, ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪੁਲਿਸ ਕਿਸੇ ਅਜਿਹੇ ਵਿਅਕਤੀ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ ਹੈ, ਜੋ ਕਿ ਵਿਦੇਸ਼ਾਂ ਵਿੱਚ ਬੈਠਕੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਗਣਤੰਤਰ ਦਿਵਸ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਪਟਿਆਲਾ ਪੁਲਿਸ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ । ਪਟਿਆਲਾ ਵਿਖੇ ਹੋਣ ਵਾਲੇ ਸਮਾਗਮ ਦੇ ਸਬੰਧ ਵਿੱਚ ਗੁਰਪਤਵੰਤ‌ ਸਿੰਘ ਪੰਨੂ ਵੱਲੋਂ ਦਿੱਤੀ ਧਮਕੀ ਬਾਰੇ ਪੁੱਛੇ ਜਾਣ ਉਤੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਭਗੌੜੇ ਗੁਰਪਤਵੰਤ ਸਿੰਘ ਪੰਨੂ ਨੂੰ ਪੰਜਾਬ ਪੁਲਸ ਬਹੁਤ ਜਲਦ ਹੀ ਪੁਲਿਸ ਦੇ ਕੈਂਟਰ ਵਿੱਚ ਬਿਠਾ ਕੇ ਪਟਿਆਲਾ ਜੇਲ ਵਿੱਚ ਭੇਜੇਗੀ । ਉਨ੍ਹਾਂ ਕਿਹਾ ਕਿ ਭਗੌੜਾ ਪੰਨੂ ਵਿਦੇਸ਼ੀ ਧਰਤੀ ਤੇ ਬੈਠ ਕੇ ਗਿੱਦੜ ਧਮਕੀਆਂ ਦਿੰਦਾ ਹੈ, ਜਿਸਦਾ ਮਕਸਦ ਸਿਰਫ਼ ਤੇ ਸਿਰਫ਼ ਦਹਿਸ਼ਤ ਫੈਲਾਉਣਾ ਹੈ । ਡੀ. ਆਈ. ਜੀ. ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਅਜਿਹੇ ਗ਼ੈਰਸਮਾਜੀ ਅਨਸਰਾਂ ਦੀਆਂ ਫੋਕੀਆਂ ਫੜਾਂ ਤੇ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ ਹੈ । ਉਨ੍ਹਾਂ ਕਿਹਾ ਕਿ ਪੰਨੂ ਦੇ ਇਹ ਢਕਵੰਜ ਸਿਰਫ ਵਿਦੇਸ਼ਾਂ ਵਿਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਹੀ ਹਨ । ਡੀ. ਆਈ. ਜੀ. ਨੇ ਕਿਹਾ ਕਿ ਉਹ ਸਮਾਜਿਕ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਉਸ ਨੂੰ ਅਹਿਸਾਸ ਨਹੀਂ ਕਿ ਪਟਿਆਲਾ ਸ਼ਹਿਰ ਦੇ ਲੋਕ ਸ਼੍ਰੀ ਕਾਲੀ ਮਾਤਾ ਮੰਦਰ ਵੀ ਜਾਂਦੇ ਹਨ ਤੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵੀ ਜਾਂਦੇ ਹਨ, ਇਸ ਲਈ ਇਥੋਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਨੂੰ ਖੁਦ ਵੀ ਪੂਰਨ ਸਿੱਖ ਨਜਰ ਨਹੀਂ ਆਉਂਦਾ, ਇਸ ਲਈ ਨੌਜਵਾਨ ਇਸ ਦੇ ਝਾਂਸੇ ਵਿੱਚ ਨਾ ਆਉਣ ।

Related Post