post

Jasbeer Singh

(Chief Editor)

Patiala News

ਪੀ. ਯੂ. ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ `ਪਰਵਾਸ : ਇੱਕ ਵਿਗਿਆਨਕ ਨਜਰੀਆ` ਵਿਸ਼ੇ ਉੱਤੇ ਸੈਮੀਨਾਰ ਆਯੋਜਿਤ

post-img

ਪੀ. ਯੂ. ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ `ਪਰਵਾਸ : ਇੱਕ ਵਿਗਿਆਨਕ ਨਜਰੀਆ` ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਪਟਿਆਲਾ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ `ਪਰਵਾਸ: ਇੱਕ ਵਿਗਿਆਨਕ ਨਜਰੀਆ` ਵਿਸ਼ੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸੰਨੀ ਓਬਰਾਏ ਆਰਟਸ ਔਡੀਟੋਰੀਅਮ ਵਿਖੇ ਸੈਮੀਨਾਰ ਕਰਵਾਇਆ। ਦੁਨੀਆਂ ਭਰ ਵਿਚ ਪਰਵਾਸ ਤੇ ਪਰਵਾਸੀਆਂ ਦੇ ਸਬੰਧ ਵਿਚ ਛਿੜੀ ਚਰਚਾ ਨੂੰ ਵਿਗਿਆਨਕ ਢੰਗ ਨਾਲ਼ ਸਮਝਣ ਦੀ ਦਿਸ਼ਾ ਵਿਚ ਇਹ ਉਪਰਾਲਾ ਕੀਤਾ ਗਿਆ । ਸੈਮੀਨਾਰ ਵਿਚ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ ਮਾਨਵਜੋਤ (ਸੰਪਾਦਕ, ਲਲਕਾਰ ਅਖਬਾਰ) ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਮਨੁੱਖ ਮੁੱਢ ਤੋਂ ਹੀ ਆਪਣੀ ਜਿੰਦਗੀ ਬਿਹਤਰ ਕਰਨ ਲਈ ਪਰਵਾਸ ਕਰਦਾ ਆਇਆ ਹੈ। ਅੱਜ ਦੇ ਸਮਾਜਕ ਪ੍ਰਬੰਧ ਵਿਚ ਨਾ ਸਿਰਫ ਪਰਵਾਸ ਇੱਕ ਅਟੱਲ ਪ੍ਰਕਿਰਿਆ ਹੈ ਸਗੋਂ ਇਹ ਇੱਕ ਅਗਾਂਹਵਧੂ ਪ੍ਰਕਿਰਿਆ ਹੈ, ਇਸ ਨੂੰ ਰੋਕਣ ਤੇ ਠੱਲਣ ਦੇ ਸਾਰੇ ਕਦਮ ਤੇ ਨੀਤੀਆਂ ਪਿਛਾਖੜੀ ਹੀ ਗਰਦਾਨੀਆਂ ਜਾ ਸਕਦੀਆਂ ਹਨ। ਅਜੋਕੇ ਸਮੇਂ ਵਿਚ ਪਰਵਾਸ ਦੀ ਤਹਿ ਵਿਚ ਕੰਮ ਕਰਦੇ ਕਾਰਨਾਂ ਉੱਤੇ ਰੌਸ਼ਨੀ ਪਾਉਂਦਿਆਂ ਬੁਲਾਰੇ ਨੇ ਕਿਹਾ ਕਿ ਅਸਾਵਾਂ ਵਿਕਾਸ ਅੱਜ ਦੇ ਯੁੱਗ ਦਾ ਨਿਯਮ ਹੈ, ਇੱਥੇ ਕੁੱਝ ਇਲਾਕੇ, ਖਿੱਤੇ, ਦੇਸ਼ ਹੋਰਾਂ ਨਾਲ਼ੋਂ ਵਧੇਰੇ ਵਿਕਸਿਤ ਹੁੰਦੇ ਹਨ ਤੇ ਪਰਵਾਸ ਮੁੱਖ ਤੌਰ ਉੱਤੇ ਘੱਟ ਵਿਕਸਿਤ ਇਲਾਕਿਆਂ, ਖਿੱਤਿਆਂ, ਦੇਸ਼ਾਂ ਤੋਂ ਵਧੇਰੇ ਵਿਕਸਿਤ ਥਾਵਾਂ ਵੱਲ ਹੁੰਦਾ ਹੈ। ਇੰਝ ਮਨੁੱਖ ਆਪਣੀਆਂ ਜੀਵਨ ਹਾਲਤਾਂ ਬਿਹਤਰ ਕਰਨ ਲਈ ਹੀ ਕਰਦਾ ਹੈ । ਬੁਲਾਰੇ ਨੇ ਇਹ ਵੀ ਕਿਹਾ ਕਿ ਗਿਣਨਯੋਗ ਗਿਣਤੀ ਵਾਲ਼ੀਆਂ ਕੌਮਾਂ ਦਾ ਪਰਵਾਸ ਨਾਲ਼ ਖਤਮ ਹੋ ਜਾਣ ਦੇ ਤਰਕ ਨੂੰ ਹਾਸੋਹੀਣਾ ਹੀ ਦੱਸਿਆ ਜਾ ਸਕਦਾ ਹੈ, ਜਿਥੇ ਇਹਨਾਂ ਕੌਮਾਂ ਤੋਂ ਲੋਕ ਹੋਰਾਂ ਥਾਵਾਂ ਵੱਲ ਪਰਵਾਸ ਕਰਦੇ ਹਨ ਉੱਥੇ ਹੋਰਾਂ ਥਾਵਾਂ ਤੋਂ ਲੋਕ ਇਹਨਾਂ ਥਾਵਾਂ ਵੱਲ ਪਰਵਾਸ ਵੀ ਕਰਦੇ ਹਨ. ਅੰਕੜਿਆਂ ਤੇ ਤੱਥਾਂ ਨਾਲ਼ ਇਹ ਗੱਲ ਵੀ ਸਾਫ ਕੀਤੀ ਗਈ ਕਿ ਕਿਵੇਂ ਪੰਜਾਬ ਦੀ ਕੁੱਲ ਅਬਾਦੀ ਤੋਂ ਬਹੁਤ ਥੋੜ੍ਹਾ ਹਿੱਸਾ ਹੀ ਪਰਵਾਸ ਕਰਦਾ ਹੈ ਤੇ ਪੰਜਾਬ ਵਿਚ ਰਹਿਣ ਵਾਲ਼ੀ ਕੁੱਲ ਅਬਾਦੀ ਦਾ ਬਹੁਤ ਥੋੜ੍ਹਾ ਹਿੱਸਾ ਹੀ ਪਰਵਾਸੀਆਂ ਦੀ ਅਬਾਦੀ ਦਾ ਹੈ। ਬੁਲਾਰੇ ਨੇ ਪਰਵਾਸੀਆਂ ਖਿਲਾਫ ਨਫਰਤ ਨੂੰ ਹਾਕਮਾਂ ਹੱਥ ਇੱਕ ਹਥਿਆਰ ਵੱਜੋਂ ਦੱਸਿਆ ਜੋ ਸਮਾਂ ਪੈਣ ਉੱਤੇ ਹਾਕਮ ਕਿਰਤੀ ਲੋਕਾਂ ਵਿਚ ਫੁੱਟ ਪਾਉਣ ਲਈ ਵਰਤਦੇ ਹਨ ਤਾਂਜੋ ਲੋਕਾਂ ਦਾ ਏਕਾ ਤੋੜਿਆ ਜਾ ਸਕੇ ਤੇ ਹਾਕਮਾਂ ਦੀ ਥਾਵੇਂ ਪਰਵਾਸੀਆਂ ਨੂੰ ਗਰੀਬੀ, ਬੇਰੁਜਗਾਰੀ ਆਦਿ ਲਈ ਜਿੰਮੇਵਾਰ ਦੱਸਿਆ ਜਾ ਸਕੇ। ਮੁੱਖ ਬੁਲਾਰੇ ਦੀ ਗੱਲਬਾਤ ਮਗਰੋਂ ਸਵਾਲ-ਜਵਾਬ ਦਾ ਦੌਰ ਚੱਲਿਆ ਤੇ ਹੋਰਾਂ ਲੋਕਾਂ ਨੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ।

Related Post