post

Jasbeer Singh

(Chief Editor)

Punjab

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਨਿੱਜੀ ਹਿੱਤਾਂ ਲਈ 36,67,601 ਰੁਪਏ ਦੀਆਂ ਤਨਖਾਹਾਂ ਵਿਚ ਹੇਰਾ-ਫੇਰੀ ਕਰਨ ’ਚ ਸ਼ਾਮਲ

post-img

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਨਿੱਜੀ ਹਿੱਤਾਂ ਲਈ 36,67,601 ਰੁਪਏ ਦੀਆਂ ਤਨਖਾਹਾਂ ਵਿਚ ਹੇਰਾ-ਫੇਰੀ ਕਰਨ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਆਪਣੇ ਨਿੱਜੀ ਹਿੱਤਾਂ ਲਈ 36,67,601 ਰੁਪਏ ਦੀਆਂ ਤਨਖਾਹਾਂ ਵਿਚ ਹੇਰਾ-ਫੇਰੀ ਕਰਨ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪਿਛਲੇ ਚਾਰ ਸਾਲਾਂ ਤੋਂ ਗ੍ਰਿਫ਼ਤਾਰੀਆਂ ਤੋਂ ਬਚ ਰਹੇ ਸਨ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸਰਕਾਰੀ ਹਾਈ ਸਕੂਲ ਤਲਵੰਡੀ ਮਾਧੋ ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਮੁੱਖ ਅਧਿਆਪਕ ਗੁਰਮੇਲ ਸਿੰਘ (ਹੁਣ ਸੇਵਾਮੁਕਤ) ਅਤੇ ਕਲਰਕ ਸੁਖਵਿੰਦਰ ਸਿੰਘ (ਹੁਣ ਨੌਕਰੀ ਤੋਂ ਬਰਖ਼ਾਸਤ) ਵਜੋਂ ਹੋਈ ਹੈ। ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਤਤਕਾਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਸਾਲ 2015 ਤੋਂ 2017 ਤੱਕ ਦੀਆਂ ਤਨਖਾਹਾਂ ’ਚ ਘਪਲਾ ਕੀਤਾ ਤੇ ਆਪਣੇ ਚਾਰ ਰਿਸ਼ਤੇਦਾਰਾਂ ਨੂੰ ਸਕੂਲ ’ਚ ਅਧਿਆਪਕਾਂ ਵਜੋਂ ਕੰਮ ਕਰਦੇ ਦਿਖਾਉਂਦਿਆਂ ਉਨ੍ਹਾਂ ਦੇ ਖਾਤਿਆਂ ’ਚ 35,81,429 ਰੁਪਏ ਮਹੀਨਾਵਾਰ ਤਨਖਾਹ ਵਜੋਂ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ ਮੁਲਜ਼ਮ ਕਲਰਕ ਸੁਖਵਿੰਦਰ ਸਿੰਘ ਨੇ 2013 ਤੋਂ 2015 ਤੱਕ ਜ਼ਿਲਾ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਦੇ ਤਤਕਾਲੀ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਸਤਪਾਲ ਸਿੰਘ ਦੇ ਜਾਅਲੀ ਦਸਤਖ਼ਤਾਂ ਨਾਲ 86,172 ਰੁਪਏ ਵੀ ਜਮ੍ਹਾਂ ਕਰਵਾਏ ਸਨ। ਇਸ ਸਬੰਧੀ ਐੱਫ.ਆਈ.ਆਰ. ਨੰ. 53 ਮਿਤੀ 20-03-2018 ਨੂੰ ਥਾਣਾ ਸ਼ਾਹਕੋਟ, ਜ਼ਿਲਾ ਜਲੰਧਰ ਵਿਖੇ ਮੁਲਜ਼ਮ ਮੁੱਖ ਅਧਿਆਪਕ ਗੁਰਮੇਲ ਸਿੰਘ, ਕਲਰਕ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੀਤ ਕੌਰ ਵੜੈਚ ਤੇ ਗੁਰਵਿੰਦਰ ਕੌਰ ਖਿਲਾਫ਼ ਆਈ. ਪੀ. ਸੀ. ਦੀ ਧਾਰਾ 409, 420, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਵੇਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Related Post