post

Jasbeer Singh

(Chief Editor)

Sports

ਪੰਜਾਬੀ ਯੂਨੀਵਰਸਿਟੀ ਨੂੰ ਤੀਰਅੰਦਾਜ਼ੀ ਦੇ ਹਵਾਲੇ ਨਾਲ਼ ਮਿਲੀਆਂ ਦੋ ਖੁਸ਼ੀ ਵਾਲ਼ੀਆਂ ਖ਼ਬਰਾਂ

post-img

ਪੰਜਾਬੀ ਯੂਨੀਵਰਸਿਟੀ ਨੂੰ ਤੀਰਅੰਦਾਜ਼ੀ ਦੇ ਹਵਾਲੇ ਨਾਲ਼ ਮਿਲੀਆਂ ਦੋ ਖੁਸ਼ੀ ਵਾਲ਼ੀਆਂ ਖ਼ਬਰਾਂ -ਤੀਰਅੰਦਾਜ਼ ਪਰਨੀਤ ਕੌਰ ਨੇ ਚੀਨ ਦੇ ਚੇਂਗਦੂ ਵਿੱਚ ਹੋਣ ਵਾਲ਼ੀਆਂ 'ਵਰਲਡ ਗੇਮਜ਼ 2025' ਲਈ ਬਣਾਈ ਜਗ੍ਹਾ -ਤੀਰਅੰਦਾਜ਼ ਪੂਜਾ ਨੇ ਇਟਲੀ ਦੇ ਰੋਮ ਵਿਖੇ ਹੋਏ 'ਯੂਰਪੀਅਨ ਪੈਰਾ ਆਰਚਰੀ ਵਰਲਡ ਰੈੰਕਿੰਗ ਟੂਰਨਾਮੈਂਟ' ਵਿੱਚ ਜਿੱਤੇ ਤਿੰਨ ਤਗ਼ਮੇ ਪਟਿਆਲਾ, 2 ਜੂਨ : ਪੰਜਾਬੀ ਯੂਨੀਵਰਸਿਟੀ ਨੂੰ ਤੀਰਅੰਦਾਜ਼ੀ ਦੇ ਹਵਾਲੇ ਨਾਲ਼ ਦੋ ਖੁਸ਼ੀ ਵਾਲੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਯੂਨੀਵਰਸਿਟੀ ਦੀ ਹੋਣਹਾਰ ਤੀਰਅੰਦਾਜ਼ ਪਰਨੀਤ ਕੌਰ ਨੇ ਸੋਨੀਪਤ ਵਿਖੇ ਹੋਏ 'ਵਰਲਡ ਗੇਮਜ਼ 2025' ਦੇ ਟਰਾਇਲ ਦੌਰਾਨ ਪਹਿਲਾ ਸਥਾਨ ਹਾਸਲ ਕਰ ਕੇ ਚੀਨ ਦੇ ਚੇਂਗਦੂ ਸ਼ਹਿਰ ਵਿੱਚ 7 ਅਗਸਤ ਤੋਂ 17 ਅਗਸਤ 2025 ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਆਪਣੀ ਥਾਂ ਬਣਾ ਲਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ਼ ਭਾਰਤ ਲਈ ਕੋਟਾ ਸਥਾਨ ਵੀ ਜਿੱਤਿਆ ਹੈ। ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਇਹ ਜਣਕਾਰੀ ਦਿੰਦਿਆਂ ਦੱਸਿਆ ਕਿ ਓਧਰ ਦੂਜੇ ਪਾਸੇ ਯੂਨੀਵਰਸਿਟੀ ਦੀ ਤੀਰਅੰਦਾਜ਼ ਪੂਜਾ ਨੇ ਇਟਲੀ ਦੇ ਰੋਮ ਵਿਖੇ ਹੋਏ 'ਯੂਰਪੀਅਨ ਪੈਰਾ ਆਰਚਰੀ ਵਰਲਡ ਰੈੰਕਿੰਗ ਟੂਰਨਾਮੈਂਟ' ਵਿੱਚ ਤਿੰਨ ਤਗ਼ਮੇ ਜਿੱਤ ਲਏ ਹਨ। ਉਸ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਤਗ਼ਮਾ, ਵਿਮੈਨ'ਜ਼ ਡਬਲ ਟੀਮ ਵਿੱਚ ਕਾਂਸੀ ਤਗ਼ਮਾ ਅਤੇ ਮਿਕਸਡ ਟੀਮ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੋਹੇਂ ਖਿਡਾਰੀ ਲੜਕੀਆਂ ਅਤੇ ਉਨ੍ਹਾਂ ਦੇ ਕੋਚ ਸਰਿੰਦਰ ਸਿੰਘ ਰੰਧਾਵਾ ਨੂੰ ਇਸ ਉਪਲਬਧੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਹੋਣਹਾਰ ਖਿਡਾਰੀ ਯੂਨੀਵਰਸਿਟੀ ਦੀ ਸ਼ਾਨ ਹਨ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਯੂਨੀਵਰਸਿਟੀ ਦੇ ਵੱਕਾਰ ਨੂੰ ਹੋਰ ਉਚਾ ਚੁੱਕਣ ਲਈ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਮਾਣ ਵਾਲ਼ੀ ਗੱਲ ਹੈ ਕਿ ਦੋਹੇਂ ਤਾਜ਼ਾ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੀਆਂ ਧੀਆਂ ਨੇ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਬਿਹਤਰ ਅਕਾਦਮਿਕ ਮਾਹੌਲ ਦੇ ਨਾਲ਼ ਨਾਲ਼ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲ਼ੇ ਮਾਹੌਲ ਦੀ ਸਿਰਜਣਾ ਲਈ ਹਰ ਸੰਭਵ ਕਦਮ ਉਠਾਏ ਜਾਣਗੇ ਤਾਂ ਕਿ ਭਵਿੱਖ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਇਹ ਲੜੀ ਹੋਰ ਲੰਬੀ ਹੋ ਸਕੇ।

Related Post