
ਪੰਜਾਬੀ ਯੂਨੀਵਰਿਸਟੀ ਨੇ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਕੀਤਾ ਯਾਦ
- by Jasbeer Singh
- June 10, 2025

ਪੰਜਾਬੀ ਯੂਨੀਵਰਿਸਟੀ ਨੇ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਕੀਤਾ ਯਾਦ -ਪੰਜਾਬ ਦੀ ਵਿਰਾਸਤ ਅਤੇ ਪਰੰਪਰਾ ਨੂੰ ਦ੍ਰਿੜਤਾ ਪੂਰਵਕ ਅੱਗੇ ਲਿਜਾਣ ਵਿਚ ਭਾਈ ਵੀਰ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ: ਡਾ. ਜਗਦੀਪ ਸਿੰਘ -'ਭਾਈ ਵੀਰ ਸਿੰਘ ਜੀ: ਅਪ੍ਰਕਾਸਿ਼ਤ ਪੱਤਰ' ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੂੰ ਕੀਤੀ ਭੇਂਟ ਪਟਿਆਲਾ, 10 ਜੂਨ ਪੰਜਾਬੀ ਯੂਨੀਵਰਿਸਟੀ ਵੱਲੋਂ ਭਾਈ ਵੀਰ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ। ਇਸ ਮੌਕੇ ਡਾ. ਪਰਮਵੀਰ ਸਿੰਘ ਨੇ ਡਾ. ਕੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਪੁਸਤਕ ‘ਭਾਈ ਵੀਰ ਸਿੰਘ ਜੀ : ਅਪ੍ਰਕਾਸ਼ਿਤ ਪੱਤਰ’ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੂੰ ਭੇਟ ਕੀਤੀ। ਇਸ ਮੁਲਾਕਾਤ ਦੌਰਾਨ ਭਾਈ ਵੀਰ ਸਿੰਘ ਦੇ ਚਿੰਤਨ ਦੇ ਹਵਾਲੇ ਨਾਲ਼ ਚਰਚਾ ਕੀਤੀ ਗਈ। ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਪਰੰਪਰਾ ਨੂੰ ਦ੍ਰਿੜਤਾ ਪੂਰਵਕ ਅੱਗੇ ਲਿਜਾਣ ਵਿਚ ਭਾਈ ਵੀਰ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਸੰਬੰਧੀ ਕਈ ਬਹੁਤ ਸਾਰੇ ਖੋਜ-ਕਾਰਜ ਕਰਵਾਏ ਅਤੇ ਪ੍ਰਕਾਸ਼ਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਪੰਜਾਬੀ ਅਤੇ ਸਿੱਖ ਜਗਤ ਦੀ ਵਿਦਵਾਨ ਸ਼ਖ਼ਸੀਅਤ ਸਨ। ਡਾ. ਪਰਮਵੀਰ ਸਿੰਘ ਨੇ ਇਸ ਚਰਚਾ ਦੌਰਾਨ ਦੱਸਿਆ ਕਿ ਭਾਈ ਵੀਰ ਸਿੰਘ ਦਾ ਸਬੰਧ ਦੀਵਾਨ ਕੌੜਾ ਮੱਲ ਨਾਲ ਜੁੜਦਾ ਹੈ। ਉਨ੍ਹਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਅਤੇ ਪਿਤਾ ਡਾ. ਚਰਨ ਸਿੰਘ ਨੇ ਸਿੱਖ ਅਧਿਐਨ ਦੇ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤੇ ਸਨ। ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਭਾਈ ਵੀਰ ਸਿੰਘ ਨੇ ਅੱਗੇ ਲਿਜਾਣ ਲਈ ਵੱਡੇ ਕਾਰਜ ਕੀਤੇ ਹਨ ਜਿਨ੍ਹ ਵਿੱਚ 'ਗੁਰੂ ਨਾਨਕ ਚਮਤਕਾਰ', 'ਅਸ਼ਟ ਗੁਰ ਚਮਤਕਾਰ', 'ਸ੍ਰੀ ਗੁਰ ਕਲਗੀਧਰ ਚਮਤਕਾਰ' ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਭਾਈ ਵੀਰ ਸਿੰਘ ਨੇ ਸਿੱਖ ਧਰਮ ਦੇ ਮਹੱਵਪੂਰਨ ਗ੍ਰੰਥਾਂ ਦੀ ਸੰਪਾਦਨਾ ਦਾ ਕਾਰਜ ਵੀ ਕੀਤਾ ਸੀ, ਜਿਨ੍ਹਾਂ ਵਿਚ ਸਿੱਖਾਂ ਦੀ ਭਗਤ ਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਪੁਰਾਤਨ ਜਨਮ ਸਾਖੀ, ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ, ਆਦਿ ਸ਼ਾਮਲ ਹਨ। ਲਗਪਗ ਸੱਤ ਹਜ਼ਾਰ ਪੰਨਿਆਂ ਵਾਲੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਪਾਦਨ-ਕਾਰਜ ਵੀ ਇਹਨਾਂ ਨੇ ਹੀ ਦਸ ਸਾਲ ਦੀ ਮਿਹਨਤ ਨਾਲ ਸੰਪੂਰਨ ਕੀਤਾ ਸੀ। ਇਸੇ ਤਰ੍ਹਾਂ ਪੰਜਾਬੀ ਕਾਵਿ ਅਤੇ ਨਾਵਲ ਦੇ ਖੇਤਰ ਵਿਚ ਇਹਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਸ ਚਰਚਾ ਦੌਰਾਨ ਡਾ. ਸੁਖਵਿੰਦਰ ਸਿੰਘ, ਡਾ. ਦਲਜੀਤ ਸਿੰਘ ਅਤੇ ਡਾ. ਸੰਦੀਪ ਕੌਰ ਹਾਜ਼ਰ ਰਹੇ।