post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਨੇ ਮਨਾਈ ਗੋਲਡਨ ਜੁਬਲੀ

post-img

ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਨੇ ਮਨਾਈ ਗੋਲਡਨ ਜੁਬਲੀ -1974 ਵਿੱਚ ਸਥਾਪਿਤ ਹੋਏ ਭਾਰਤ ਦੇ ਦੂਜੇ ਸਭ ਤੋਂ ਪੁਰਾਣੇ ਫ਼ੋਰੈਂਸਿਕ ਸਾਇੰਸ ਵਿਭਾਗ ਨੂੰ ਅਹਿਮ ਯੋਗਦਾਨ ਦੇਣ ਵਾਲ਼ੇ ਚਾਰ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਉੱਤੇ ਕੀਤਾ ਸਨਮਾਨਿਤ ਪਟਿਆਲਾ, 23 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਨੇ ਅੱਜ ਆਪਣੀ ਗੋਲਡਨ ਜੁਬਲੀ ਮਨਾਈ। 1974 ਵਿੱਚ ਸਥਾਪਿਤ ਹੋਏ ਭਾਰਤ ਦੇ ਦੂਜੇ ਸਭ ਤੋਂ ਪੁਰਾਣੇ ਅਤੇ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਇਸ ਫ਼ੋਰੈਂਸਿਕ ਸਾਇੰਸ ਵਿਭਾਗ ਵੱਲੋਂ ਅੱਜ ਕਰਵਾਏ ਪ੍ਰੋਗਰਾਮ ਦੌਰਾਨ ਸਾਬਕਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ । ਡੀਨ ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਸਾਇੰਸ ਦਾ ਵਿਸ਼ਾ ਅੱਜ ਦੁਨੀਆਂ ਵਿੱਚ ਬਹੁਤ ਹੀ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਜੋ ਨਿਆਂ ਦੇ ਖੇਤਰ ਵਿੱਚ ਵਿਗਿਆਨਿਕ ਤੱਥਾਂ ਦੇ ਸਹਾਰੇ ਪੜਚੋਲ ਕਰ ਕੇ ਸੱਚ ਨੂੰ ਸਾਹਮਣੇ ਲਿਆਉਣ ਵਿੱਚ ਮਦਦਗਾਰ ਬਣਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਿੱਥੇ ਆਪਣੇ ਵਿਸ਼ੇ ਸਬੰਧੀ ਮਾਹਿਰ ਬਣਨ ਦੀ ਲੋੜ ਹੈ ਉੱਥੇ ਹੀ ਨੈਤਿਕ ਤੌਰ ਉੱਤੇ ਸਮਰੱਥ ਸ਼ਖ਼ਸੀਅਤ ਸਿਰਜਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਜਿਸ ਵੀ ਖੇਤਰ ਵਿੱਚ ਕੰਮ ਕਰਨ ਓਥੇ ਸੱਚ ਨੂੰ ਸਾਹਮਣੇ ਲਿਆਉਣ ਹਿਤ ਨਿਰਪੱਖ ਹੋ ਕੇ ਕੰਮ ਕਰ ਸਕਣ । ਵਿਭਾਗ ਮੁਖੀ ਪ੍ਰੋ. ਮੁਕੇਸ਼ ਠਾਕੁਰ ਨੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਦੱਸਿਆ ਕਿ ਸਿਰਫ ਇਕ ਕਮਰੇ ਤੋਂ ਸ਼ੁਰੂ ਹੋਇਆ ਇਹ ਵਿਭਾਗ ਹੁਣ ਆਪਣੇ ਵਿਦਿਆਰਥੀਆਂ ਅਤੇ ਖੋਜ ਕਾਰਜਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ । ਵਿਭਾਗ ਦੇ ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵੱਲੋਂ ਲਿਖੇ 700 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਪੱਧਰ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਇਹ ਗੱਲ ਮਾਣ ਕਰਨ ਵਾਲੀ ਹੈ ਕਿ ਵਿਭਾਗ ਦੇ ਤਕਰੀਬਨ 100 ਫੀਸਦੀ ਵਿਦਿਆਰਥੀ ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਹਨ । ਇਸ ਵਿਭਾਗ ਦੇ ਵਿਦਿਆਰਥੀ ਭਾਰਤ ਅਤੇ ਵਿਦੇਸ਼ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਕਾਰਜ ਕਰਦਿਆਂ ਆਪਣਾ ਨਾਮ ਬਣਾ ਚੁੱਕੇ ਹਨ । ਇਸ ਮੌਕੇ ਵਿਭਾਗ ਦੇ ਸਥਾਪਨਾ ਸਮੇਂ ਤੋਂ ਲੈ ਕੇ ਹੁਣ ਤੱਕ ਵਿਭਾਗ ਨੂੰ ਅਹਿਮ ਯੋਗਦਾਨ ਦੇਣ ਵਾਲ਼ੇ ਚਾਰ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ । ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿੱਚ ਵਿਭਾਗ ਦੇ ਪਹਿਲੇ ਮੁਖੀ ਪ੍ਰੋ. ਪੀ. ਕੇ. ਚੱਟੋਪਾਧਿਆਏ, ਪ੍ਰੋ. ਆਰ. ਕੇ. ਗਰਗ, ਪ੍ਰੋ. ਓ.ਪੀ. ਜਸੂਜਾ ਅਤੇ ਪ੍ਰੋ. ਰਾਕੇਸ਼ ਮੋਹਨ ਸ਼ਰਮਾ ਸ਼ਾਮਿਲ ਸਨ । ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਮੁੱਖ ਤੌਰ ਉੱਤੇ ਇਹ ਨੁਕਤਾ ਉਭਾਰਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਫ਼ੋਰੈਂਸਿਕ ਸਾਇੰਸ ਵਿਭਾਗ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਆਪਣੀ ਪਛਾਣ ਸਥਾਪਿਤ ਕਰ ਚੁੱਕਾ ਹੈ । ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੋਮਲ ਸੈਣੀ ਅਤੇ ਪ੍ਰੋ. ਰਾਜਿੰਦਰ ਸਿੰਘ ਵੱਲੋਂ ਕੀਤਾ ਗਿਆ । ਗੋਲਡਨ ਜੁਬਲੀ ਦੇ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੌਰਾਨ ਵਿਭਾਗ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਤਮਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਅਤੇ ਆਪੋ ਆਪਣੇ ਬੈਚ ਦੀਆਂ ਸੁਨਹਿਰੀ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ ।

Related Post