
ਪੰਜਾਬੀ ਯੂਨੀਵਰਸਿਟੀ ਦੀ ਨਵੀਂ 'ਬੁੱਕ-ਵੈਨ' ਪੁਸਤਕ ਵਿੱਕਰੀ/ਪ੍ਰਦਰਸ਼ਨੀ ਲਈ ਕੀਤੀ ਰਵਾਨਾ
- by Jasbeer Singh
- November 13, 2024

ਪੰਜਾਬੀ ਯੂਨੀਵਰਸਿਟੀ ਦੀ ਨਵੀਂ 'ਬੁੱਕ-ਵੈਨ' ਪੁਸਤਕ ਵਿੱਕਰੀ/ਪ੍ਰਦਰਸ਼ਨੀ ਲਈ ਕੀਤੀ ਰਵਾਨਾ ਪਟਿਆਲਾ, 13 ਨਵੰਬਰ : "ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨੂੰ ਆਮ ਲੋਕਾਂ ਅਤੇ ਪਾਠਕਾਂ ਦੀ ਪਹੁੰਚ ਤੱਕ ਲੈ ਕੇ ਜਾਣ ਨਾਲ਼ ਗਿਆਨ ਦੀ ਰੌਸ਼ਨੀ ਦੂਰ ਤੱਕ ਫੈਲਦੀ ਹੈ । ਅਜਿਹਾ ਹੋਣ ਨਾਲ਼ ਯੂਨੀਵਰਸਿਟੀ ਦੀ ਲੋਕਾਈ ਨਾਲ਼ ਸਾਂਝ ਵਧਦੀ ਹੈ ਅਤੇ ਗਿਆਨ ਦੇ ਪ੍ਰਸਾਰ ਦਾ ਮੰਤਵ ਹੱਲ ਹੁੰਦਾ ਹੈ, ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਡੀਨ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਪਬਲੀਕੇਸ਼ਨ ਬਿਊਰੋ ਦੀ ਨਵੀਂ 'ਬੁੱਕ-ਵੈਨ' ਨੂੰ ਪ੍ਰਦਰਸ਼ਨੀ ਲਈ ਰਵਾਨਾ ਕਰਨ ਮੌਕੇ ਪ੍ਰਗਟਾਏ । ਪਬਲੀਕੇਸ਼ਨ ਬਿਊਰੋ ਵੱਲੋਂ ਹਾਲ ਹੀ ਵਿੱਚ ਖਰੀਦੀ ਗਈ ਨਵੀਂ 'ਬੁੱਕ-ਵੈਨ' ਆਪਣੇ ਪਹਿਲੇ ਦੌਰੇ ਉੱਤੇ ਲੁਧਿਆਣਾ ਅਤੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਹਰੀ ਝੰਡੀ ਦੇ ਕੇ ਇਸ ਵੈਨ ਨੂੰ ਰਵਾਨਾ ਕੀਤਾ ਗਿਆ । ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸੀ. ਐੱਸ. ਆਰ. ਗਰਾਂਟ ਰਾਹੀਂ ਇਸ 'ਬੁੱਕ-ਵੈਨ' ਨੂੰ ਤਿਆਰ ਕਰਵਾਇਆ ਗਿਆ ਸੀ । ਇਹ ਬੱਸ ਹੁਣ 14 ਨਵੰਬਰ 2024 ਤੋਂ 17 ਨਵੰਬਰ 2024 ਤੱਕ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੱਦੇ ਉੱਤੇ ਪੁਸਤਕ ਪ੍ਰਦਰਸ਼ਨੀ/ਵਿੱਕਰੀ ਲਈ ਜਾ ਰਹੀ ਹੈ। ਇਸ ਉਪਰੰਤ ਲੁਧਿਆਣਾ ਤੋਂ ਹੀ ਇਹ ਬੱਸ ਅੱਗੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੱਦੇ ਉੱੇਤੇ 19 ਨਵੰਬਰ 2024 ਤੋਂ 23 ਨਵੰਬਰ 2024 ਤੱਕ ਸ੍ਰੀ ਅਮ੍ਰਿਤਸਰ ਸਾਹਿਬ ਚਲੀ ਜਾਵੇਗੀ । ਰਵਾਨਗੀ ਸਮੇਂ ਪਬਲੀਕੇਸ਼ਨ ਬਿਊਰੋ ਦਾ ਅਮਲਾ ਇੱਥੇ ਹਾਜ਼ਰ ਰਿਹਾ ।