
ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਮਿਲੀ ਯੂਨੀਵਰਸਿਟੀ ਆਫ਼ ਐਮਸਟਰਡਮ ਦੀ ਵੱਕਾਰੀ ਫੈਲੋਸ਼ਿਪ
- by Jasbeer Singh
- March 29, 2025

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਮਿਲੀ ਯੂਨੀਵਰਸਿਟੀ ਆਫ਼ ਐਮਸਟਰਡਮ ਦੀ ਵੱਕਾਰੀ ਫੈਲੋਸ਼ਿਪ ਪਟਿਆਲਾ, 29 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗਤੋਂ ਐੱਮ. ਐੱਸ. ਸੀ. ਆਨਰਜ਼ (ਭੌਤਿਕ ਵਿਗਿਆਨ) ਭਾਗ ਦੂਜਾ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ । ਉਸ ਨੂੰ ਇਹ ਫੈਲੋਸ਼ਿਪ ਯੂਨੀਵਰਸਿਟੀ ਆਫ਼ ਐਮਸਟਰਡਮ, ਨੀਦਰਲੈਂਡ ਦੇ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਖਗੋਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ 'ਸਪੌਟਲਾਈਟ ਆਨ ਦ ਬਲੈਕ ਹੋਲ: ਰਿਫਾਇਨਡ ਮਲਟੀਵੇਵਲੈਂਥ ਅਨਲਸਿਸ' ਵਿਸ਼ੇ ਲਈ ਪ੍ਰਾਪਤ ਹੋਈ ਹੈ । ਇਸ ਫੈਲੋਸ਼ਿਪ ਤਹਿਤ ਅਮਨਦੀਪ ਕੌਰ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਸਿਧਾਂਤਕ ਉੱਚ ਊਰਜਾ ਖਗੋਲ ਭੌਤਿਕ ਵਿਗਿਆਨ ਦੀ ਮਾਹਿਰ ਪ੍ਰੋ ਸੇਰਾ ਮਾਰਕੌਫ ਦੀ ਦੇਖ-ਰੇਖ ਹੇਠ 27 ਜੂਨ, 2025 ਤੋਂ 8 ਅਗਸਤ, 2025 ਤੱਕ 6 ਹਫਤਿਆਂ ਵਾਸਤੇ ਬਲੈਕ ਹੋਲ ਬਾਰੇ ਅਧਿਐਨ ਕਰੇਗੀ । ਇਸ ਵੱਕਾਰੀ ਫੈਲੋਸ਼ਿਪ ਨੂੰ ਪ੍ਰਾਪਤ ਕਰਨ ਵਾਸਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਚਾਹਵਾਨ ਹੁੰਦੇ ਹਨ ਪ੍ਰੋ . ਅਨੂਪ ਠਾਕੁਰ, ਮੁਖੀ ਭੌਤਿਕ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਵੱਕਾਰੀ ਫੈਲੋਸ਼ਿਪ ਨੂੰ ਪ੍ਰਾਪਤ ਕਰਨ ਵਾਸਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਚਾਹਵਾਨ ਹੁੰਦੇ ਹਨ ਪਰੰਤੂ ਵਿਸ਼ਵ ਪੱਧਰ 'ਤੇ ਚੋਣ ਸਿਰਫ਼ 7-8 ਵਿਦਿਆਰਥੀਆਂ ਦੀ ਹੀ ਹੁੰਦੀ ਹੈ । ਫੈਲੋਸ਼ਿਪ ਲਈ ਚੁਣੇ ਗਏ ਵਿਦਿਆਰਥੀਆਂ ਦੇ ਸਫ਼ਰੀ ਖਰਚ , ਵੀਜ਼ੇ ਅਤੇ ਰਹਿਣ ਸਹਿਣ ਦੇ ਖਰਚੇ ਦੀ ਅਦਾਇਗੀ ਸਮੇਤ ਕੁਝ ਵਾਧੂ ਵਜ਼ੀਫਾ ਰਾਸ਼ੀ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਅਦਾ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਅਮਨਦੀਪ ਕੌਰ ਰਾਮਾਨੁਜਨ ਫੈਲੋ ਡਾ. ਸ਼ੁਭਚਿੰਤਕ ਦੀ ਨਿਗਰਾਨੀ ਵਿੱਚ 'ਤਾਰਿਆਂ ਅੰਦਰ ਵਾਪਰਨ ਵਾਲੇ ਨਿਊਕਲੀਅਰ ਵਰਤਾਰਿਆਂ' ਉੱਤੇ ਐੱਮ. ਐੱਸ. ਸੀ. ਕੋਰਸ ਦਾ ਖੋਜ ਕਾਰਜ ਕਰ ਰਹੀ ਹੈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਅਮਨਦੀਪ ਕੌਰ ਅਤੇ ਉਸਦੇ ਵਿਭਾਗ ਨੂੰ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ।