
ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਣਗੇ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰਸ਼ਨ ਉਤਰੀ ਮੁਕਾਬਲੇ
- by Jasbeer Singh
- January 1, 2025

ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਣਗੇ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰਸ਼ਨ ਉਤਰੀ ਮੁਕਾਬਲੇ -ਕੁਇਜ਼ ਮੁਕਾਬਲਿਆਂ ’ਚ ਵੋਟਰ ਆਨ ਲਾਈਨ ਲੈ ਸਕਦੇ ਨੇ ਹਿੱਸਾ ਪਟਿਆਲਾ 1 ਜਨਵਰੀ : 15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਮਨਾਉਣ ਲਈ ਅਤੇ ਵੋਟਰਾਂ ਵਿਚ ਨਵੀਂ ਉਮੰਗ ਅਤੇ ਲੋਕਤੰਤਰਿਕ ਪ੍ਰੰਪਰਾਵਾਂ ਦੀ ਮਜ਼ਬੂਤੀ ਲਈ ਮੁੱਖ ਚੋਣ ਅਫ਼ਸਰ, ਪੰਜਾਬ ਦੀ ਯੋਗ ਨਿਰਦੇਸ਼ਨਾ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿਚ 19 ਜਨਵਰੀ 2025 ਨੂੰ ਜ਼ਿਲ੍ਹਾ ਪੱਧਰੀ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਜਾਣਗੇ, ਜਿਸ ਦੇ ਜੇਤੂਆਂ ਵੱਲੋਂ 24 ਜਨਵਰੀ ਨੂੰ ਰਾਜ ਪੱਧਰੀ ਮੁਕਾਬਲੇ ਜੋ ਕਿ ਲੁਧਿਆਣਾ ਵਿਖੇ ਹੋਣਗੇ, ਵਿਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਦਾ ਮਕਸਦ ਵੋਟਰਾਂ ਵਿਚ ਲੋਕਤੰਤਰੀ ਪ੍ਰੰਪਰਾਵਾਂ ਨੂੰ ਮਜ਼ਬੂਤ ਕਰਨਾ, ਨੌਜਵਾਨਾਂ ਦੀ ਚੋਣ ਪ੍ਰਕਿਰਿਆ ਵਿਚ ਭਾਗੀਦਾਰੀ ਨੂੰ ਵਧਾਉਣਾ ਅਤੇ ਹਰ ਵਰਗ ਨੂੰ ਚੋਣ ਅਮਲ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਨ ਲਾਈਨ ਰਜਿਸਟ੍ਰੇਸ਼ਨ 28 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਜੋ 17 ਜਨਵਰੀ 2025 ਤੱਕ ਜਾਰੀ ਰਹੇਗੀ, ਇਸ ਸਬੰਧੀ ਵੋਟਰ ਆਪਣੇ ਆਪ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਦੇ ਲਿੰਕ https://punjab.indiastatquiz.com/NewRegister.aspx ਉਪਰ ਰਜਿਸਟਰ ਕਰ ਸਕਦੇ ਹਨ । ਜ਼ਿਲ੍ਹਾ ਪੱਧਰ ਦੇ ਆਨਲਾਈਨ ਕੁਇਜ਼ ਮੁਕਾਬਲੇ 19 ਜਨਵਰੀ ਨੂੰ ਕਰਵਾਏ ਜਾਣਗੇ ਅਤੇ 23 ਜ਼ਿਲ੍ਹਿਆਂ ਦੇ ਜੇਤੂ 24 ਜਨਵਰੀ ਨੂੰ ਲੁਧਿਆਣਾ ਵਿਖੇ ਆਫ਼ਲਾਈਨ ਕੁਇਜ਼ ਮੁਕਾਬਲੇ ਵਿਚ ਹਿੱਸਾ ਲੈਣਗੇ । ਰਾਜ ਪੱਧਰੀ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ, ਪਹਿਲੇ ਤਿੰਨ ਸਥਾਨਾਂ ਉੱਤੇ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਲੈਪਟਾਪ, ਟੈਬਲਟ ਅਤੇ ਸਮਾਰਟ ਘੜੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪੰਜਾਬ ਦੇ ਹਰੇਕ ਜ਼ਿਲ੍ਹਾ ਟਾਪਰ ਲਈ ਇੱਕ ਸਮਾਰਟਫ਼ੋਨ ਇਨਾਮ ਵਜੋਂ ਦਿੱਤੀ ਜਾਵੇਗੀ ਅਤੇ ਹਰੇਕ ਭਾਗੀਦਾਰੀ ਆਪਣਾ ਸਰਟੀਫਿਕੇਟ ਤੁਰੰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕੇਗਾ । ਚੋਣ ਤਹਿਸੀਲਦਾਰ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ, ਯੁਵਕ ਕਲੱਬਾਂ ਅਤੇ ਐਨ.ਜੀ.ਓ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।