 
                                             ਰਮਾਇਣ, ਮਹਾਂਭਾਰਤ, ਅਵਤਾਰਾਂ ਬਾਰੇ ਕੁਇੱਜ਼ ਪ੍ਰਸੰਸਾਯੋਗ ਉਪਰਾਲੇ
- by Jasbeer Singh
- November 6, 2024
 
                              ਰਮਾਇਣ, ਮਹਾਂਭਾਰਤ, ਅਵਤਾਰਾਂ ਬਾਰੇ ਕੁਇੱਜ਼ ਪ੍ਰਸੰਸਾਯੋਗ ਉਪਰਾਲੇ ਪਟਿਆਲਾ : ਅਕਸਰ ਅਸੀਂ, ਧਾਰਮਿਕ ਗ੍ਰੰਥਾਂ ਅਤੇ ਸ਼੍ਰੀ ਰਮਾਇਣ ਜੀ, ਮਹਾਂਭਾਰਤ ਦੀਆਂ ਲੜਾਈਆਂ ਯੁਧਾਂ ਅਤੇ ਅਵਤਾਰਾਂ ਦੀਆਂ ਕਥਾ ਕਹਾਣੀਆਂ ਸੁਣਦੇ ਰਹੇ ਹਾਂ ਪਰ ਕਦੇ ਧਿਆਨ ਨਾਲ ਨਹੀਂ ਸੁਣੀਆਂ ਅਤੇ ਨਾ ਉਨ੍ਹਾਂ ਤੋਂ ਮਿਲਣ ਵਾਲੇ ਅਨੰਦ ਦਾ ਅਨੰਦ ਮਾਣਿਆ ਹੈ ਕਿਉਂਕਿ ਇਹ ਕਥਾ, ਕਹਾਣੀਆਂ, ਬਜ਼ੁਰਗਾਂ ਵਲੋਂ ਆਪਣੇ ਬੱਚਿਆਂ, ਪੋਤਿਆਂ, ਪੋਤੀਆਂ ਆਦਿ ਨੂੰ ਰਾਤੀ ਸੋਣ ਤੋਂ ਪਹਿਲਾਂ ਸੁਣਾਈਆਂ ਜਾਂਦੀਆਂ ਸਨ । ਦੂਜੇ ਪਾਸੇ, ਰਮਾਇਣ, ਭਾਗਵਤ ਮਹਾਂਭਾਰਤ ਦੀ ਕਥਾ ਕਹਾਣੀਆਂ ਵੀ ਬਜ਼ੁਰਗ ਸੁਣਾਉਦੇ ਰਹੇ, ਜਿਸ ਸਦਕਾ ਬੱਚਿਆਂ ਨੋਜਵਾਨਾਂ ਨੂੰ ਸੰਸਕਾਰ ਮਰਿਆਦਾਵਾਂ ਫਰਜ਼ਾਂ ਤਿਆਗ ਭਾਈਚਾਰੇ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਆਕੜ ਹੰਕਾਰ ਲੁਟਮਾਰਾ ਰਾਹੀਂ ਪ੍ਰਾਪਤ ਹੁੰਦੇ ਦੁੱਖ ਸੁਖਾਂ ਦੀ ਸਮਝ ਆਉਂਦੀ ਸੀ ਪਰ ਹੁਣ, ਮੋਬਾਇਲਾਂ ਅਤੇ ਸਮਾਰਟ ਟੀ ਵੀ ਬੱਚਿਆਂ ਨੂੰ ਮਾਡਰਨ ਮਨੋਰੰਜਨ, ਫੈਸ਼ਨਾਂ, ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੇ ਘੇਰ ਰਖਿਆ ਹੈ ਜਿਸ ਸਦਕਾ ਸੰਸਕਾਰ, ਮਰਿਆਦਾਵਾਂ, ਫਰਜ਼ਾਂ, ਨਿਮਰਤਾ, ਸ਼ਹਿਣਸ਼ੀਲਤਾ, ਮਿੱਠਾ ਬੋਲਣਾ, ਸਬਰ ਸ਼ਾਂਤੀ ਆਗਿਆ ਪਾਲਣ ਦੇ ਗੁਣ ਸਨਮਾਨ ਖ਼ਤਮ ਹੋ ਰਹੇ ਹਨ । ਪਟਿਆਲਾ ਵਿਖੇ ਸੀਨੀਅਰ ਸਿਟੀਜਨ, ਸ੍ਰੀ ਕਾਕਾ ਰਾਮ ਵਰਮਾ, ਜ਼ੋ ਰੈੱਡ ਕਰਾਸ ਸੁਸਾਇਟੀ ਤੋਂ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਫਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਹਨ, ਵਲੋਂ ਅਕਤੂਬਰ ਦੇ ਦਿਨਾਂ ਤੋਂ ਸਕੂਲਾਂ ਵਿਖੇ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ, ਸ਼੍ਰੀ ਰਮਾਇਣ ਜੀ, ਮਹਾਂਭਾਰਤ, ਮਰਿਯਾਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਬਾਰੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਬੱਚਿਆਂ ਵਲੋਂ ਆਪਣੀ ਸਮਝ, ਗਿਆਨ, ਵੀਚਾਰਾਂ, ਅਨੁਸਾਰ ਜਵਾਬ ਦਿੱਤੇ ਜਾਂਦੇ ਹਨ ਤਾਂ ਬਹੁਤ ਅਨੰਦ ਮਹਿਸੂਸ ਹੁੰਦਾ ਹੈ । ਉਨ੍ਹਾਂ ਵਲੋਂ ਸ਼੍ਰੀ ਰਮਾਇਣ ਜੀ, ਮਹਾਂਭਾਰਤ, ਮਰਿਯਾਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਵਲੋਂ ਕੀਤੇ ਕਾਰਜਾਂ ਬਾਰੇ 100 ਦੇ ਕਰੀਬ ਪ੍ਰਸ਼ਨ ਤਿਆਰ ਕੀਤੇ, ਪਹਿਲਾਂ ਪ੍ਰਸ਼ਨਾਂ ਦੀਆਂ ਫੋਟੋ ਕਾਪੀਆਂ ਬੱਚਿਆਂ ਨੂੰ ਵੰਡਦੇ ਅਤੇ ਹਫ਼ਤੇ ਬਾਅਦ ਦੋ ਦੋ ਬੱਚਿਆਂ ਦੀਆਂ ਟੀਮਾਂ ਬਣਾਕੇ, ਪ੍ਰਸ਼ਨਾਵਲੀ ਸ਼ੁਰੂ ਕਰਦੇ, ਤਾਂ ਬਹੁਤ ਅਨੰਦ ਮਹਿਸੂਸ ਹੁੰਦਾ ਹੈ । ਜਿਵੇਂ ਭਗਵਾਨ ਸ੍ਰੀ ਰਾਮ ਚੰਦਰ ਜੀ ਲਈ ਬਨਵਾਸ ਕਿਸੇ ਨੇ ਅਤੇ ਕਿਉਂ ਮੰਗਿਆ । ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਕੈਵਟ ਨੇ ਆਪਣੀ ਕਿਸ਼ਤੀ ਵਿੱਚ ਕਿਉਂ ਨਹੀਂ ਚੜਾਇਆ। ਨਦੀ ਪਾਰ ਜਾਣ ਮਗਰੋਂ, ਜਦੋਂ ਰਾਮ ਜੀ ਨੇ ਅੰਗੂਠੀ ਕੈਵਟ ਨੂੰ ਦਿੱਤੀ ਤਾਂ ਕੇਵਟ ਨੇ ਅੰਗੂਠੀ ਕਿਉਂ ਨਹੀਂ ਲਈ ਅਤੇ ਕੀ ਕਿਹਾ ਸੀ । ਭਗਵਾਨ ਸ੍ਰੀ ਰਾਮ ਚੰਦਰ ਜੀ ਨੇ, ਪੱਥਰ ਦੀ ਮੂਰਤੀ ਅਹਿਲਿਆ ਤੇ ਪੈਰ ਕਿਉਂ ਨਹੀਂ ਰਖਿਆ ਅਤੇ ਆਪਣੇ ਚਰਨਾਂ ਦੀ ਧੂੜ ਕਿਵੇਂ ਦਿਤੀ। ਭਗਵਾਨ ਸ੍ਰੀ ਕ੍ਰਿਸ਼ਨ ਜੀ, ਦਰੋਪਤੀ ਦੇ ਚੀਰ ਹਰਨ ਸਮੇਂ ਤੁਰੰਤ ਕਿਉਂ ਨਹੀਂ ਆਏ। ਉਨ੍ਹਾਂ ਨੇ ਦਰੋਪਤੀ ਦੀ ਇੱਜ਼ਤ ਬਚਾਉਣ ਲਈ, ਸਾੜੀਆਂ ਕਿਉਂ ਦਿੱਤੀਆਂ। ਰਾਜਾ ਕਰਣ ਨੂੰ ਮਹਾਂਦਾਨੀ ਕਿਉਂ ਮੰਨਿਆ ਜਾਂਦਾ। ਕਰਣ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਤੋਂ ਬਰਦਾਨ ਮੰਗਿਆ ਕਿ ਉਸਦਾ ਸੰਸਕਾਰ, ਅਜਿਹੀ ਥਾਂ ਕੀਤਾ ਜਾਵੇ, ਜਿਥੇ ਕਦੇ ਕਿਸੇ ਦੀ ਮੌਤ ਜਾਂ ਸੰਸਕਾਰ ਨਹੀਂ ਹੋਇਆ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਰਣ ਦਾ ਸੰਸਕਾਰ ਕਿਥੇ ਕਰਵਾਇਆ । ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਮਹਾਂਭਾਰਤ ਜੰਗ ਜਿਤਾਉਣ ਲਈ, ਭਿਸ਼ਮ ਪਿਤਾਮਾ, ਰਾਜਾ ਕਰਣ, ਗੁਰੂ ਦਰੋਣਾਚਾਰੀਆ ਆਦਿ ਨੂੰ ਕਿਵੇਂ ਮਰਵਾਇਆ । ਘਟੋਤਕੱਚ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਯੁੱਧ ਸਮੇਂ ਕਿਉਂ ਬੁਲਾਇਆ। ਬਰਬਰੀਕ ਦਾ ਸਿਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਿਉਂ ਮੰਗਿਆ। ਜੰਗ ਮਗਰੋਂ ਮਹਾਂਭਾਰਤ ਦੀ ਜਿੱਤ ਲਈ ਬਰਬਰੀਕ ਨੇ ਕਿਸ ਨੂੰ ਵਿਜੇਤਾ ਦਸਿਆ। ਜਦੋਂ ਭਿਸ਼ਮ ਪਿਤਾਮਾ ਨੇ ਪ੍ਰਣ ਕੀਤਾ ਕਿ ਉਹ ਅਗਲੇ ਦਿਨ ਸਾਰੇ ਪਾਂਡਵਾਂ ਨੂੰ ਮਾਰ ਦੇਣਗੇ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਕਿਵੇਂ ਬਚਾਇਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਪੁਤਨਾ ਰਾਕ੍ਸ਼ਸੀ ਨੂੰ ਮਾਂ ਦਾ ਸਨਮਾਨ ਕਿਉਂ ਦਿੱਤਾ। ਅਸਥਾਮਾ ਨੇ ਜਦੋਂ ਉਤਰਾ ਦੇ ਗਰਭ ਵਿੱਚ ਪਲ ਰਹੇ ਬਾਲਕ ਨੂੰ ਮਾਰਨ ਲਈ ਬ੍ਰਹਮ ਅਸਤਰ ਛੱਡਿਆ, ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਉਤਰਾ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਰਖਿਆ, ਗਰਭ ਵਿੱਚ ਜਾਕੇ ਕਿਵੇਂ ਕੀਤੀ। ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਗੁੱਸਾ ਕਦੋਂ ਆਇਆ ਸੀ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦੋ ਵਾਰ ਬਹੁਤ ਕਦੋਂ ਕਦੋਂ ਰੋਏ ਸਨ। ਕੌਰਵਾ ਦੀ ਮਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕੀ ਸ਼ਰਾਪ ਦਿੱਤਾ ਅਤੇ ਉਸ ਸ਼ਰਾਪ ਨਾਲ, ਉਨ੍ਹਾਂ ਦੇ ਪਰਿਵਾਰ ਦੀ ਤਬਾਹੀ ਕਿਵੇਂ ਸ਼ੁਰੂ ਹੋਈ । ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਇਹ ਤਬਾਹੀ ਕਿਉਂ ਨਹੀਂ ਰੋਕੀ । ਮਾਂ ਕੁੰਤੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਤੋਂ ਹਮੇਸ਼ਾ ਦੁੱਖੀ ਰਹਿਣ ਦਾ ਬਰਦਾਨ ਕਿਉਂ ਮੰਗਿਆ। ਰਮਾਇਣ ਵਿੱਚ ਭਰਾਵਾਂ ਦੇ ਪਿਆਰ ਬਾਰੇ ਦੱਸੋ । ਜਦੋਂ ਭਗਵਾਨ ਰਾਮ ਜੀ ਨੂੰ ਪਤਾ ਲਗਾ ਕਿ ਭਾਈ ਭਰਤ ਉਨ੍ਹਾਂ ਨੂੰ ਜੰਗਲ ਵਿੱਚ ਮਿਲਣ ਆ ਰਿਹਾ ਤਾਂ ਉਨ੍ਹਾਂ ਨੇ ਜੰਗਲ ਦੇਵੀ ਨੂੰ ਕੀ ਬੇਨਤੀ ਕੀਤੀ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਜਦੋਂ ਸਮੁੰਦਰ ਪਾਰ ਜਾਣ ਲਈ ਯੱਗ ਕਰਵਾਇਆ ਤਾਂ ਉਸ ਯੱਗ ਨੂੰ ਸੰਪੁਰਨ ਕਰਵਾਉਣ ਲਈ ਕਿਸ ਪੰਡਿਤ ਨੂੰ ਬੁਲਾਇਆ ਗਿਆ। ਰਾਵਣ ਨੇ ਸੀਤਾ ਮਾਤਾ ਜੀ ਨੂੰ ਅਸ਼ੋਕ ਬਾਟੀਕਾ ਵਿੱਚ ਹੀ ਕਿਉਂ ਰਖਿਆ, ਮਹੱਲ ਵਿਚ ਕਿਉਂ ਨਹੀਂ । ਕੱਕਈ ਮਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਲਈ 14 ਸਾਲਾਂ ਦਾ ਬਨਵਾਸ ਹੀ ਕਿਉਂ ਮੰਗਿਆ। ਜਦੋ ਸ਼੍ਰੀ ਅਰਜਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ ਕਿ ਉਹ ਯੁੱਧ ਕਰਨ ਦੀ ਥਾਂ ਸਨਿਆਸੀ ਬਣ ਕੇ ਜੀਵਨ ਬਤੀਤ ਕਰ ਸਕਦਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਭਾਗਵਤ ਗੀਤਾ ਰਾਹੀਂ ਕਰਮਯੋਗ ਦਾ ਸੰਦੇਸ਼ ਕਿਵੇਂ ਦਿੱਤਾ । ਸ਼੍ਰੀ ਲਛਮਣ ਜੀ ਨੇ 14 ਸਾਲਾਂ ਲਈ ਭੋਜਨ ਅਤੇ ਨੀਂਦ ਦਾ ਤਿਆਗ ਕਿਉਂ ਕੀਤਾ। ਰਾਜਾ ਦਸ਼ਰਥ ਜੀ ਨੇ ਕੱਕਈ ਨੂੰ ਦੋ ਵਰਦਾਨ ਕਿਉਂ ਦਿੱਤੇ । ਇਸੇ ਤਰ੍ਹਾਂ ਦੇ ਦਿਲ, ਦਿਮਾਗ, ਚਿੰਤਨ ਨੂੰ ਅਨੰਦ ਦੇਣ ਵਾਲੇ ਜਦੋਂ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਬੱਚਿਆਂ ਵਲੋਂ ਜਵਾਬ ਦਿੱਤੇ ਜਾਂਦੇ ਹਨ ਅਤੇ ਫੇਰ ਸ਼੍ਰੀ ਕਾਕਾ ਰਾਮ ਵਰਮਾ ਜੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹਨ ਤਾਂ ਕਈ ਵਾਰ ਉਨ੍ਹਾਂ ਅਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਹੰਜੂ ਵੀ ਆ ਜਾਂਦੇ ਹਨ । ਅਕਸਰ ਬੱਚਿਆਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਇਨ੍ਹਾਂ ਮੁਕਾਬਲਿਆਂ ਮਗਰੋਂ ਬੱਚਿਆਂ ਨੂੰ ਦਸਿਆ ਜਾਂਦਾ ਕਿ ਆਪਣੀ ਖਾਹਿਸ਼ਾਂ ਖੁਸ਼ੀਆਂ ਅਨੰਦ ਦੀ ਪੂਰਤੀ ਲਈ ਕੋਰਵਾ ਨੇ ਦੂਸਰਿਆਂ ਨੂੰ ਤੰਗ ਪ੍ਰੇਸਾਨ ਕੀਤਾ ਤਾਂ ਮਹਾਂਭਾਰਤ ਜੰਗ ਹੋਈ, ਹਜ਼ਾਰਾਂ ਲੱਖਾਂ ਸੈਨਿਕਾਂ ਦੀ ਮੌਤ ਹੋਈ। ਇਸਤਰੀਆਂ ਵਿਧਵਾ ਹੋਈਆਂ, ਬੱਚੇ ਅਨਾਥ ਹੋਏ । ਬਜ਼ੁਰਗ ਬੇਸਹਾਰਾ ਹੋਏ ਇਸ ਦਾ ਭਾਵ, ਆਪਣੇ ਲਾਲਚ, ਲੁਟਮਾਰਾਂ, ਖੁਦਗਰਜ਼ੀਆ, ਦੀ ਪੂਰਤੀ ਲਈ ਆਪਣੇ ਮਾਪਿਆਂ, ਬਜ਼ੁਰਗਾਂ, ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਸੰਕਟ ਵਿੱਚ ਨਾ ਪਾਉ । ਸ੍ਰੀ ਰਮਾਇਣ ਜੀ ਦਸਦੇ ਹਨ ਕਿ ਆਪਣੇ ਅਧਿਕਾਰਾਂ ਹੱਕਾਂ ਦੀ ਥਾਂ, ਆਪਣੇ ਫ਼ਰਜ਼ਾਂ, ਤਿਆਗ, ਪ੍ਰੇਮ, ਹਮਦਰਦੀ, ਗੁਰੂ ਮਰਿਆਦਾਵਾਂ, ਜ਼ੁਮੇਵਾਰੀਆਂ, ਵੱਡਿਆਂ, ਬਜ਼ੁਰਗਾਂ, ਜ਼ਰੂਰਤਮੰਦਾਂ, ਇਨਸਾਨੀਅਤ ਪ੍ਰਤੀ ਵਫ਼ਾਦਾਰੀ ਨਿਭਾਉ ਤਾਂ ਇਨਸਾਨ ਤਾਂ ਕੀ, ਜਾਨਵਰ ਅਤੇ ਦੁਸ਼ਮਣ ਵੀ ਸਹਾਇਤਾ ਅਤੇ ਸਨਮਾਨ ਦਿੰਦੇ ਹਨ । ਧਰਮ, ਪੂਜਾ, ਭਗਤੀ, ਨਾਲੋਂ ਨਿਸ਼ਕਾਮ ਕਰਮ, ਫਰਜ਼ਾਂ, ਜ਼ਰੂਰਤਮੰਦਾਂ ਅਤੇ ਪੀੜਤਾਂ ਦੀ ਸਹਾਇਤਾ ਕਰਨਾ, ਜ਼ੁਮੇਵਾਰੀਆਂ, ਨਿਭਾਉਣ ਲਈ ਯਤਨ ਕਰਨੇ ਚਾਹੀਦੇ ਹਨ । ਪ੍ਰਮਾਤਮਾ ਕੁਦਰਤ, ਪਸ਼ੂ ਪੰਛੀ ਵੀ ਈਮਾਨਦਾਰ, ਵਫ਼ਾਦਾਰ, ਸੱਭ ਨੂੰ ਮਹੁੱਬਤ ਕਰਨ ਵਾਲੇ, ਅਹਿੰਸਾ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਨਾਲ ਜੀਵਨ ਬਤੀਤ ਕਰਨ ਵਾਲੇ ਸੰਸਾਰ ਵਿੱਚ ਸਨਮਾਨ ਖੁਸ਼ੀਆਂ ਅਨੰਦ ਇੱਜ਼ਤ ਪਾਉਂਦੇ ਹਨ । ਅੱਜ ਦੇ ਸਮੇਂ ਵਿੱਚ ਜਦੋਂ ਨਾਬਾਲਗ ਅਤੇ ਨੋਜਵਾਨ ਨਸ਼ਿਆਂ, ਅਪਰਾਧਾਂ ਐਸ਼ ਪ੍ਰਸਤੀਆਂ, ਆਰਾਮ ਪ੍ਰਸਤੀਆਂ, ਵਿੱਚ ਫਸ ਰਹੇ ਹਨ, ਮਾਪਿਆਂ, ਬਜ਼ੁਰਗਾਂ, ਅਧਿਆਪਕ ਗੁਰੂਆਂ, ਕੁਦਰਤ ਅਤੇ ਦੇਸ਼, ਸਮਾਜ, ਘਰ ਪਰਿਵਾਰਾਂ, ਵਿੱਦਿਅਕ ਸੰਸਥਾਵਾਂ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੇ ਵਿਰੁੱਧ ਕਾਰਜ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਬਚਪਨ ਵਿੱਚ ਹੀ ਸ਼੍ਰੀ ਰਮਾਇਣ ਜੀ, ਮਹਾਂਭਾਰਤ, ਮਰਿਯਾਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਦੂਸਰੇ ਗੁਰੂਆਂ ਅਵਤਾਰਾਂ ਦੇ ਮਹਾਨ ਕਰਮਯੋਗ, ਤਿਆਗ, ਭਾਈਚਾਰੇ, ਫਰਜ਼ਾਂ, ਜ਼ੁਮੇਵਾਰੀਆਂ, ਸਬਰ ਸ਼ਾਂਤੀ, ਸੰਸਕਾਰਾਂ, ਮਿੱਤਰਤਾ, ਜ਼ਰੂਰਤਮੰਦਾਂ ਦੀ ਸਹਾਇਤਾ ਕਰਨ, ਹਿੰਸਾ, ਅਤਿਆਚਾਰ, ਲੁਟਮਾਰਾਂ, ਰਿਸ਼ਵਤਖੋਰੀਆ ਹੇਰਾਫੇਰੀਆਂ, ਗਲਤ ਸ਼ਬਦਾਵਲੀ ਦੀ ਵਰਤੋਂ, ਕਿਸੇ ਬੇਸਹਾਰਾ ਮਜ਼ਲੂਮਾਂ, ਇਸਤਰੀਆਂ ਬੱਚਿਆਂ ਬੱਚੀਆਂ ਨਾਲ ਬੇਇਨਸਾਫ਼ੀ ਜਾਂ ਅਤਿਆਚਾਰ ਕਰਦੇ, ਤਾਂ ਭਗਵਾਨ ਅਤੇ ਕੁਦਰਤ ਕਿਵੇਂ ਸਜ਼ਾਵਾਂ ਦਿੰਦੇ ਹਨ । ਪਹਿਲੀ ਵਾਰ, ਸ਼੍ਰੀ ਰਮਾਇਣ ਜੀ ਮਹਾਂਭਾਰਤ ਅਤੇ ਗੁਰੂਆਂ ਅਵਤਾਰਾਂ ਦੇ ਜੀਵਨ ਤੋਂ ਜ਼ੋ ਸਿੱਖਿਆ, ਸੰਸਕਾਰ, ਮਰਿਆਦਾਵਾਂ ਫਰਜ਼ਾਂ ਦੇ ਗੁਣ ਗਿਆਨ, ਵੀਚਾਰ, ਭਾਵਨਾਵਾਂ ਸਾਨੂੰ ਬਚਪਨ ਜਾ ਜਵਾਨੀ ਵਿੱਚ ਮਿਲਣੀਆਂ ਚਾਹੀਦੀਆਂ ਸਨ, ਉਹ ਹੁਣ ਮਿਲ ਰਹੀਆਂ ਹਨ । ਵਲੋਂ : ਸ੍ਰੀਮਤੀ ਸਰਲਾ ਭਟਨਾਗਰ, ਪ੍ਰਿੰਸੀਪਲ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ 7986137379

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     