

ਨਸ਼ਿਆਂ ਵਿਰੁੱਧ ਵਿਦਿਆਰਥੀ ਬਣਨ ਪੁਲਿਸ ਦੀਆਂ ਬਾਹਾਂ : ਵਰੁਣ ਸ਼ਰਮਾ -ਐਸ.ਐਸ.ਪੀ. ਵਰੁਣ ਸ਼ਰਮਾ ਨਸ਼ਿਆਂ ਵਿਰੁੱਧ ਤਹਿਤ ਸੰਪਰਕ ਮੀਟਿੰਗ 'ਚ ਸਕੂਲਾਂ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ -ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਦਾ ਲੱਕ ਤੋੜਿਆ-ਐਸ.ਐਸ.ਪੀ. ਪਟਿਆਲਾ, 3 ਜੁਲਾਈ : ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਅੱਜ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ਿਆ ਵਿਰੁੱਧ ਪੁਲਿਸ ਦੀਆਂ ਬਾਹਾਂ ਬਣਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸ.ਐਸ.ਪੀ. ਵਰੁਣ ਸ਼ਰਮਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਸੰਪਰਕ ਮੀਟਿੰਗ ਕਰਦੇ ਹੋਏ ਪਟਿਆਲਾ ਦੇ ਚਾਰ ਸਕੂਲਾਂ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਦੇ ਨਾਲ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਤੇ ਡੀ.ਐਸ.ਪੀ. ਸਿਟੀ-1 ਸਤਨਾਮ ਸਿੰਘ ਵੀ ਮੌਜੂਦ ਸਨ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ, ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿੱਥੇ ਖੁਦ ਨਸ਼ਿਆਂ ਤੋਂ ਦੂਰ ਰਹਿਣ ਉਥੇ ਹੀ ਆਪਣੇ ਸਾਥੀ ਦੋਸਤਾਂ ਦਾ ਵੀ ਖਿਆਲ ਰੱਖਣ ਕਿ ਉਹ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲਦਲ 'ਚ ਨਾ ਫਸ ਜਾਣ। ਉਨ੍ਹਾਂ ਕਿਹਾ ਕਿ 14 ਤੋਂ 17 ਸਾਲਾਂ ਤੱਕ ਦੀ ਉਮਰ ਕਾਫ਼ੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਉਨ੍ਹਾਂ ਨੇ 9ਵੀਂ ਤੋਂ 12ਵੀਂ ਜਮਾਤ ਦੇ 400 ਦੇ ਕਰੀਬ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ ਹੈ, ਕਿਉਂਕਿ ਇਸ ਉਮਰ ਵਿੱਚ ਗ਼ਲਤ ਸੰਗਤ ਬੱਚੇ ਦਾ ਭਵਿੱਖ ਖਰਾਬ ਕਰ ਸਕਦੀ ਹੈ ਪਰੰਤੂ ਜੇਕਰ ਉਹ ਕਿਸੇ ਚੰਗੀ ਸੰਗਤ 'ਚ ਲੱਗ ਜਾਵੇ ਅਤੇ ਨਸ਼ਿਆਂ ਤੇ ਬੁਰੀਆਂ ਆਦਤਾਂ ਤੋਂ ਬਚਕੇ ਰਹੇ ਤਾਂ ਉਹ ਆਪਣੀ ਜਿੰਦਗੀਆਂ ਨੂੰ ਸੰਵਾਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਹਰ ਹਫ਼ਤੇ ਕਿਸੇ ਨਾ ਕਿਸੇ ਸਿੱਖਿਆ ਸੰਸਥਾ 'ਚ ਜਾ ਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਜਾਵੇਗਾ। ਐਸ.ਐਸ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜ ਦਿੱਤਾ ਹੈ ਅਤੇ ਨਾਲ ਹੀ ਨਸ਼ਿਆਂ ਦਾ ਸ਼ਿਕਾਰ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਵੀ ਦਾਖਲ ਕਰਵਾਇਆ ਜਾ ਰਿਹਾ ਹੈ। ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਨੌਜਵਾਨ ਕਿਸੇ ਕਾਰਨ ਨਸ਼ੇ 'ਚ ਫਸ ਜਾਵੇ ਤਾਂ ਅਜਿਹੇ ਬੱਚਿਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਕੀਤੇ ਜਾਣ ਨਾ ਕਿ ਉਨ੍ਹਾਂ ਨੂੰ ਅਪਰਾਧੀ ਮੰਨਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀ ਉਨ੍ਹਾਂ ਦੀਆਂ ਤੇ ਪਟਿਆਲਾ ਪੁਲਿਸ ਦੀਆਂ ਬਾਹਾਂ ਬਣਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣਗੇ। ਇਸ ਸੰਪਰਕ ਮੀਟਿੰਗ ਦੌਰਾਨ ਐਸ.ਐਸ.ਪੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਮੇਤ ਨਸ਼ਿਆਂ ਦੇ ਤਸਕਰਾਂ ਵੱਲੋਂ ਫੈਲਾਏ ਜਾ ਰਹੇ ਜਾਲ ਤੇ ਨਸ਼ਿਆਂ ਦੀ ਮੰਗ ਤੇ ਸਪਲਾਈ ਬਾਰੇ ਵਿਸਥਾਰ 'ਚ ਦੱਸਦੇ ਹੋਏ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਵਿਦਿਆਰਥੀਆਂ ਨੇ ਵੀ ਸਵਾਲ ਕਰਦੇ ਹੋਏ ਨਸ਼ਿਆਂ ਬਾਬਤ ਜਾਣਕਾਰੀ ਹਾਸਲ ਕੀਤੀ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.