post

Jasbeer Singh

(Chief Editor)

Patiala News

ਸ਼ਹੀਦੀ ਗੁਰਪੁਰਬ ਮੌਕੇ ਹਰੇ ਭਰੇ ਪੰਜਾਬ ਲਈ ਰੁੱਖ ਲਗਾਉਣ ਦੀ ਮੁਹਿੰਮ : ਡਿਪਟੀ ਕਮਿਸ਼ਨਰ

post-img

ਸ਼ਹੀਦੀ ਗੁਰਪੁਰਬ ਮੌਕੇ ਹਰੇ ਭਰੇ ਪੰਜਾਬ ਲਈ ਰੁੱਖ ਲਗਾਉਣ ਦੀ ਮੁਹਿੰਮ : ਡਿਪਟੀ ਕਮਿਸ਼ਨਰ ਨਿੰਮ, ਸ਼ੀਸ਼ਮ, ਅੰਬ, ਜਾਮਣ ਵਰਗੇ ਰੁੱਖਾਂ ਦੀ ਲਾਗਤ ‘ ਤੇ ਜ਼ੋਰ ਕਿਹਾ, ਬਰਸਾਤੀ ਮੌਸਮ ਬੂਟੇ ਲਗਾਉਣ ਲਈ ਢੁੱਕਵਾਂ ਸਮਾਂ ਪਟਿਆਲਾ 3 ਜੁਲਾਈ : ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 3.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਨੂੰ ਸਿਰੇ ਚੜ੍ਹਾਉਣ ਦੇ ਮੰਤਵ ਨਾਲ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਸਮੂਹ ਸਰਕਾਰੀ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਜੀ.ਓਜ਼ ਨਾਲ ਮੀਟਿੰਗ ਕੀਤੀ । ਉਹਨਾ ਸਮੂਹ ਸਰਕਾਰੀ ਵਿਭਾਗਾਂ , ਸਮਾਜ ਸੇਵੀ ਸੰਸਥਾਵਾਂ ਅਤੇ ਐਨਜੀਓਜ਼ ਨਾਲ ਮੀਟਿੰਗ ਕਰਦਿਆਂ ਸਭ ਨੂੰ ਪੰਜ ਹਜਾਰ ਤੋਂ ਲੈ ਕੇ 50 ਹਜ਼ਾਰ ਤੱਕ ਪੌਦੇ ਲਗਾਉਣ ਲਈ ਕਿਹਾ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰੇਕ ਨੂੰ ਅੱਗੇ ਆਉਣਾ ਚਾਹੀਦਾ ਹੈ । ਉਹਨਾਂ ਹਰੇਕ ਨੂੰ ਹਰ ਰੋਜ 5 ਰੁੱਖ ਲਗਾਉਣ ਦੀ ਅਪੀਲ ਕੀਤੀ । ਉਹਨਾਂ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਦਿਂਆਂ ਨਿੰਮ ਸ਼ੀਸ਼ਮ, ਅੰਬ ਜਾਮਣ ਵਰਗੇ ਪੌਦੇ ਲਗਾਉਣ ਦੀ ਵਿਸ਼ੇਸ਼ ਅਪੀਲ ਕੀਤੀ ਤਾਂ ਜੋ ਅਜਿਹੇ ਰੁੱਖ ਭਵਿੱਖ ਦੀਆਂ ਪੀੜ੍ਹੀਆਂ ਲਈ ਲਾਭਕਾਰੀ ਸਾਬਤ ਹੋਣ। ਮੀਟਿੰਗ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਨ ਜੀ ਓਜ਼ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਢੁੱਕਵਾਂ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸ੍ਰੀ ਗੁਰਅਮਨਪ੍ਰੀਤ ਸਿੰਘ, ਬੈਂਸ ਵਣ ਮੰਡਲ ਅਫਸਰ ਪਟਿਆਲਾ ਵੱਲੋਂ ਨਰਸਰੀ ਸਟਾਕ ਰਿਪੋਰਟ ਅਤੇ ਸਬੰਧਤ ਨਰਸਰੀਆਂ ਦੇ ਇੰਚਾਰਜਾਂ ਦੀ ਸੂਚੀ ਸਮੂਹ ਹਾਜ਼ਰੀਨ ਨੂੰ ਸੌਂਪਦੇ ਹੋਏ ਵੱਖ-ਵੱਖ ਸਕੀਮਾਂ ਅਤੇ ਪੌਦਿਆਂ ਦੀਆਂ ਕਿਸਮਾਂ ਬਾਰੇ ਚਾਨਣਾ ਪਾਉਂਦੇ ਹੋਏ ਪੌਦੇ ਲਗਾਵੁਣ ਦੀ ਵਿਧੀ ਅਤੇ ਸਾਂਭ ਸੰਭਾਲ ਬਾਰੇ ਦੱਸਿਆ । ਉਹਨਾਂ ਪੌਦਿਆਂ ਦੀ ਵੱਧ ਤੋਂ ਵੱਧ ਸਰਵਾਇਵਲ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ । ਇਸ ਦੌਰਾਨ ਐਸ.ਡੀ.ਐਮ ਗੁਰਦੇਵ ਸਿੰਘ ਧੰਮ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਜੀ.ਓਜ਼ , ਫ਼ਰੈਂਡਜ਼ ਆਫ ਇਨਵਾਇਰਮੈਂਟ ਪਾਰਕ ਤੋ ਸ੍ਰੀ ਸੋਨੂੰ ਚੋਹਾਨ , ਵਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

Related Post