
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦਾ ਬਿਨਾਂ ਪੱਖਪਾਤ ਹੋ ਰਿਹੈ ਸਰਬਪੱਖੀ ਵਿਕਾਸ : ਡਾ. ਬਲਬੀਰ ਸਿੰਘ
- by Jasbeer Singh
- July 3, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦਾ ਬਿਨਾਂ ਪੱਖਪਾਤ ਹੋ ਰਿਹੈ ਸਰਬਪੱਖੀ ਵਿਕਾਸ : ਡਾ. ਬਲਬੀਰ ਸਿੰਘ -ਇਕ ਕਰੋੜ ਰੁਪਏ ਦੇ ਰੰਗਲਾ ਪੰਜਾਬ ਫ਼ੰਡ ਨਾਲ ਪਟਿਆਲਾ ਦਿਹਾਤੀ ਦੇ 20 ਪਿੰਡਾਂ ਦੀ ਬਦਲੇਗੀ ਨੁਹਾਰ : ਸਿਹਤ ਮੰਤਰੀ -ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਦੇ 20 ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ -ਰੋਹਟੀ ਛੰਨਾ ਦੇ ਵਾਸੀਆਂ ਨੇ ਪਿੰਡ 'ਚ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ -ਕਿਹਾ, ਬੁਨਿਆਦੀ ਸਹੂਲਤਾਂ ਤੋਂ ਕੋਈ ਪਿੰਡ ਸੱਖਣਾ ਨਹੀਂ ਰਹੇਗਾ ਪਟਿਆਲਾ, 3 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਿਨਾਂ ਪੱਖਪਾਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ 20 ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਹ ਗੱਲ ਆਮ ਸੁਣਨ ਨੂੰ ਮਿਲਦੀ ਰਹੀ ਹੈ ਕਿ ਪਿੰਡ ਦੀ ਇਕ ਗਲੀ ਇਸ ਕਰਕੇ ਨਹੀਂ ਬਣੀ ਕਿ ਉਸ ਗਲੀ ਵਿੱਚ ਆਮ ਆਦਮੀ ਪਾਰਟੀ ਜਾ ਕਿਸੇ ਹੋਰ ਵਿਰੋਧੀ ਪਾਰਟੀ ਦੇ ਵੋਟਰ ਰਹਿੰਦੇ ਹਨ, ਪਰ ਹੁਣ ਪਿੰਡ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਦੇ ਕੀਤਾ ਜਾ ਰਿਹਾ ਹੈ। ਉਨ੍ਹਾਂ ਹਾਜ਼ਰ ਪੰਚਾਂ-ਸਰਪੰਚਾਂ ਨੂੰ ਵੀ ਪਿੰਡ ਦਾ ਸਰਬਪੱਖੀ ਵਿਕਾਸ ਬਿਨਾਂ ਕਿਸੇ ਭੇਦਭਾਵ ਕਰਨ ਲਈ ਕਿਹਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡਾਂ ਕੋਲ ਮੌਜੂਦ ਪਹਿਲਾਂ ਫੰਡਾ ਤੋਂ ਇਲਾਵਾ ਪਟਿਆਲਾ ਦਿਹਾਤੀ ਹਲਕੇ ਦੇ 20 ਪਿੰਡਾਂ ਨੂੰ ਰੰਗਲਾ ਪੰਜਾਬ ਫ਼ੰਡ ਵਿੱਚੋਂ 1 ਕਰੋੜ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਗਈ ਹੈ, ਜੋ ਪਿੰਡਾਂ ਵਿੱਚ ਧਰਮਸ਼ਾਲਾ, ਐਲ.ਈ.ਡੀ. ਲਾਈਟਾਂ, ਖੇਡ ਮੈਦਾਨ, ਸ਼ਮਸ਼ਾਨਘਾਟ, ਕਮਿਊਨਿਟੀ ਹਾਲ ਤੇ ਸ਼ੈੱਡ ਆਦਿ ਬਣਾਉਣ 'ਤੇ ਲਗਾਈ ਜਾਵੇਗੀ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਦੇ ਹਰੇਕ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਪੀਣ ਵਾਲਾ ਸ਼ੁੱਧ ਪਾਣੀ ਮਿਲਣ ਨਾਲ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ । ਇਸ ਮੌਕੇ ਪਿੰਡ ਰੋਹਟੀ ਛੰਨਾ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ 40 ਸਾਲ ਬਾਅਦ ਸਾਡੇ ਪਿੰਡ ਵਿਚੋਂ ਨਸ਼ਾ ਖ਼ਤਮ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਖ਼ਾਸ ਤੌਰ 'ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਲਈ ਚਰਚਾ 'ਚ ਰਹੇ ਪਿੰਡ ਦੇ ਸਿਰੋਂ ਹੁਣ ਨਸ਼ਿਆਂ ਦਾ ਕਲੰਕ ਹੱਟ ਗਿਆ ਹੈ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਨਤੀਜਾ ਹੈ । ਇਸ ਮੌਕੇ ਪਿੰਡ ਸ਼ਾਮਲਾ, ਹਿਆਣਾ ਕਲਾਂ, ਹਿਆਣਾ ਖ਼ੁਰਦ, ਰੋਹਟੀ ਖ਼ਾਸ, ਮੰਡੌੜ, ਘਮਰੋਦਾ, ਰੋਹਟੀ ਛੰਨਾਂ, ਰੋਹਟਾ, ਰੋਹਟੀ ਮੌੜਾ, ਰੋਹਟੀ ਬਸਤਾ, ਇੱਛੇਵਾਲ, ਲਲੋਡਾ, ਰਾਮਗੜ੍ਹ ਛੰਨਾ, ਲੁਬਾਣਾ ਟੇਕੂ, ਲੁਬਾਣਾ ਕਰਮੂ, ਲੁਬਾਣਾ ਮਾਡਲ ਟਾਊਨ, ਕੈਦੂਪੁਰ, ਖ਼ੁਰਦ, ਧੰਗੇੜਾ ਤੇ ਅਜਨੌਦਾ ਖੁਰਦ ਪਿੰਡਾਂ ਦੇ ਪੰਚ-ਸਰਪੰਚ ਤੇ ਮੁਹਤਬਰ ਵਿਅਕਤੀਆਂ ਨੇ ਪਿੰਡਾਂ 'ਚ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਚਰਚਾ ਕੀਤੀ । ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਸਾਰੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਯਕੀਨੀ ਬਣਾਇਆ ਜਾਵੇ ਤੇ ਕੋਈ ਵੀ ਪਿੰਡ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਏ.ਡੀ.ਸੀ. ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਕ੍ਰਿਪਾਲਵੀਰ ਸਿੰਘ, ਡੀ.ਐਸ.ਪੀ. ਮਨਦੀਪ ਕੌਰ, ਕੌਸਲਰ ਜਸਬੀਰ ਗਾਂਧੀ, ਡੀ.ਡੀ.ਪੀ.ਓ. ਮਹਿੰਦਰਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।