July 6, 2024 01:18:56
post

Jasbeer Singh

(Chief Editor)

Business

ਆਰਬੀਆਈ ਵੱਲੋਂ ਰੈਪੋ ਦਰ 6.5 ਫ਼ੀਸਦ ’ਤੇ ਬਰਕਰਾਰ

post-img

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਮੁਦਰਾ ਨੀਤੀ ਸਮੀਖਿਆ ’ਚ ਉਮੀਦ ਮੁਤਾਬਕ ਨੀਤੀਗਤ ਰੈਪੋ ਦਰ ’ਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਇਸ ਨੂੰ 6.5 ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਮਜ਼ਬੂਤ ਆਰਥਿਕ ਵਿਕਾਸ ਵਿਚਾਲੇ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੀ ਕੋਸ਼ਿਸ਼ ਤਹਿਤ ਆਰਬੀਆਈ ਨੇ ਲਗਾਤਾਰ ਅੱਠਵੀਂ ਵਾਰ ਰੈਪੋ ਦਰ ਬਰਕਰਾਰ ਰੱਖੀ ਹੈ। ਇਸੇ ਦੌਰਾਨ ਆਰਬੀਆਈ ਨੇ ਸਾਲ 2024-25 ਲਈ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਿਕਾਸ ਦਰ ਦਾ ਅਨੁਮਾਨ ਸੱਤ ਫ਼ੀਸਦ ਤੋਂ ਵਧਾ ਕੇ 7.2 ਫ਼ੀਸਦ ਕਰ ਦਿੱਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਲੰਘੇ ਬੁੱਧਵਾਰ ਸ਼ੁਰੂ ਹੋਈ ਤਿੰਨ ਦਿਨਾਂ ਮੀਟਿੰਗ ’ਚ ਲਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ, ‘ਮੁਦਰਾ ਨੀਤੀ ਕਮੇਟੀ ਨੇ ਲਗਾਤਾਰ ਅੱਠਵੀਂ ਵਾਰ ਨੀਤੀਗਤ ਦਰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਨਰਮ ਰੁਖ਼ ਵਾਪਸ ਲੈਣ ਦਾ ਆਪਣਾ ਫ਼ੈਸਲਾ ਕਾਇਮ ਰੱਖਣ ਦਾ ਵੀ ਫ਼ੈਸਲਾ ਕੀਤਾ ਹੈ।’ ਪਿਛਲੇ ਵਿੱਤੀ ਸਾਲ ’ਚ ਉਮੀਦ ਨਾਲੋਂ ਵੱਧ ਜੀਡੀਪੀ ਵਾਧੇ ਵਿਚਾਲੇ ਕੇਂਦਰੀ ਬੈਂਕ ਨੇ ਆਰਥਿਕ ਗਤੀਵਿਧੀਆਂ ’ਚ ਮਜ਼ਬੂਤੀ ਅਤੇ ਦੱਖਣ-ਪੱਛਮੀ ਮੌਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਭਵਿੱਖਬਾਣੀ ਦੇ ਨਾਲ 2024-25 ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦ ਤੋਂ ਵਧਾ ਕੇ 7.2 ਫ਼ੀਸਦ ਕਰ ਦਿੱਤਾ ਹੈ। ਉੱਥੇ ਹੀ ਚਾਲੂ ਵਿੱਤੀ ਸਾਲ 2024-25 ਲਈ ਪਰਚੂਨ ਮਹਿੰਗਾਈ ਦਰ ਦਾ ਅਨੁਮਾਨ 4.5 ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਅਨੁਸਾਰ ਬੀਤੇ ਵਿੱਤੀ ਵਰ੍ਹੇ 2023-24 ’ਚ ਆਰਥਿਕ ਵਿਕਾਸ ਦਰ 8.2 ਫ਼ੀਸਦ ਰਹੀ ਹੈ। ਉੱਥੇ ਹੀ ਮਹਿੰਗਾਈ ਦਰ ਅਪਰੈਲ ’ਚ 4.83 ਫ਼ੀਸਦ ਰਹੀ ਜੋ ਆਰਬੀਆਈ ਦੇ ਚਾਰ ਫ਼ੀਸਦ ਦੇ ਟੀਚੇ ਤੋਂ ਉੱਪਰ ਹੈ। ਮੁਦਰਾ ਨੀਤੀ ਕਮੇਟੀ ਦੀ ਅਗਲੀ ਮੀਟਿੰਗ 6 ਤੋਂ 8 ਅਗਸਤ ਨੂੰ ਹੋਵੇਗੀ। -ਪੀਟੀਆਈ ਸੈਂਸੈਕਸ ਤੇ ਨਿਫਟੀ ਨੇ ਬਣਾਏ ਨਵੇਂ ਰਿਕਾਰਡ ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਰੌਣਕ ਰਹੀ। 30 ਸ਼ੇਅਰਾਂ ਵਾਲਾ ਸੈਂਸੈਕਸ ਅਤੇ ਨਿਫਟੀ ਅੱਜ ਦੋ ਫੀਸਦੀ ਵਾਧੇ ਨਾਲ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਏ। ਸੈਂਸੇਕਸ 1,618.85 ਅੰਕ ਵਧ ਕੇ 76,693.36 ਦੇ ਨਵੇਂ ਸਰਬਕਾਲੀ ਉੱਚ ਪੱਧਰ ’ਤੇ ਬੰਦ ਹੋਇਆ, ਜਦਕਿ ਨਿਫਟੀ 468.75 ਅੰਕ ਚੜ੍ਹ ਕੇ 23,290.15 ਦੇ ਨਵੇਂ ਰਿਕਾਰਡ ’ਤੇ ਬੰਦ ਹੋਇਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2024-25 ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੱਤ ਤੋਂ ਵਧਾ ਕੇ 7.2 ਫੀਸਦੀ ਕਰ ਦਿੱਤਾ ਜਿਸ ਦੇ ਮੱਦੇਨਜ਼ਰ ਬਾਜ਼ਾਰ ਵਿੱਚ ਰੌਣਕ ਰਹੀ। ਦਿਨ ਸਮੇਂ ਕਾਰੋਬਾਰ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,720.8 ਅੰਕ ਜਾਂ 2.29 ਫੀਸਦੀ ਵਾਧਾ ਕੇ 76,795.31 ਦੇ ਨਵੇਂ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ। ਇਹ ਇਸ ਦਾ ਨਵਾਂ ਰਿਕਾਰਡ ਹੈ। ਇਸੇ ਤਰ੍ਹਾਂ ਐੱਨਐੱਸਈ ਨਿਫਟੀ ਦਿਨ ਦੇ ਕਾਰੋਬਾਰ ਵਿੱਚ 498.8 ਅੰਕ ਜਾਂ 2.18 ਫੀਸਦੀ ਚੜ੍ਹ ਕੇ 23,320.20 ਅੰਕ ਤੱਕ ਪਹੁੰਚ ਗਿਆ।

Related Post