
ਆਪਣੇ ਚਹੇਤੇ ਲੀਡਰਾਂ ਦੀ ਅਵਾਜ਼ ਨੂੰ ਉਡੀਕਦੇ ਰਹੇ ਰਿਆਸਤੀ ਸ਼ਹਿਰ ਦੇ ਵਸਨੀਕ
- by Aaksh News
- June 1, 2024

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਰਿਆਸਤੀ ਸ਼ਹਿਰ ਪਟਿਆਲਾ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਆਪਣੇ ਚਹੇਤੇ ਲੀਡਰਾਂ ਦੀ ਅਵਾਜ਼ ਸੁਣਨ ਨੂੰ ਉਡੀਕਦੇ ਰਹੇ, ਪਰ ਉਨ੍ਹਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ, ਜਦੋਂ ਆਖ਼ਰੀ ਦਿਨ ਵੀ ਉਹ ਉਨ੍ਹਾਂ ਲਈ ਕੋਈ ਸੰਦੇਸ਼ ਦੇਣ ਲਈ ਨਹੀਂ ਆਏ। ਇਨ੍ਹਾਂ ਲੀਡਰਾਂ ਨੂੰ ਆਮ ਤੋਂ ਖ਼ਾਸ ਬਣਾਉਣ ਵਾਲੇ ਪਟਿਆਲਾ ਦੇ ਲੋਕ ਹੀ ਹਨ, ਕੁਝ ਪਟਿਆਲਾ ਵਿੱੱੱੱਚ ਜਨਮੇ ਤੇ ਇੱਥੇ ਦੀਆਂ ਗਲੀਆਂ ਵਿਚ ਖੇਡੇ ਤੇ ਵੱਡੀ ਹਸਤੀ ਬਣੇ ਪਰ ਹੁਣ ਉਹ ਪਟਿਆਲਾ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਪੁੱਜੇ। ਅੰਮ੍ਰਿਤਸਰ ਵਿੱਚ ਆਪਣੀ ਸਿਆਸਤ ਚਮਕਾਉਣ ਵਾਲੇ ਨਵਜੋਤ ਸਿੱਧੂ ਜਦੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਉਸ ਦੀ ਉਡੀਕ ਪਟਿਆਲਾ ਵਾਸੀਆਂ ਨੂੰ ਵੀ ਹੋਈ ਸੀ, ਉਹ ਚੋਣਾਂ ਤੋਂ ਪਹਿਲਾਂ ਪਟਿਆਲਾ ਵਿੱਚ ਪ੍ਰੈੱਸ ਕਾਨਫ਼ਰੰਸਾਂ ਵੀ ਕਰਦੇ ਰਹੇ, ਉਨ੍ਹਾਂ ਨਾਲ ਯਾਰੀ ਨਿਭਾਉਂਦੇ ਹੋਏ ਪਟਿਆਲਾ ਦੇ ਕੁਝ ਕਾਂਗਰਸੀ ਲੀਡਰ ਕਾਂਗਰਸ ਵਿੱਚੋਂ ਕੱਢੇ ਵੀ ਗਏ, ਨਰਿੰਦਰ ਲਾਲੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਖ਼ਰੀ ਸਮੇਂ ਤੱਕ ਆਸ ਸੀ ਕਿ ਨਵਜੋਤ ਸਿੱਧੂ ਪਟਿਆਲਾ ਵਿੱਚ ਡਾ. ਧਰਮਵੀਰ ਗਾਂਧੀ ਦੇ ਪੱਖ ਵਿੱਚ ਪ੍ਰਚਾਰ ਕਰਨ ਜ਼ਰੂਰ ਆਉਣਗੇ। ਇਸੇ ਤਰ੍ਹਾਂ ਪਟਿਆਲਾ ਸ਼ਾਹੀ ਘਰਾਣੇ ਦੇ ਆਖ਼ਰੀ ‘ਮਹਾਰਾਜੇ’ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਦੇ ਲੋਕਾਂ ਨੇ ਵੋਟਾਂ ਪਾ ਕੇ ਐੱਮਐੱਲਏ ਬਣਾਇਆ ਤੇ ਕਾਂਗਰਸ ਨੇ ਮੁੱਖ ਮੰਤਰੀ, ਪਰ ਅੱਜ ਉਹ ਬੀਜੇਪੀ ਵਿੱਚ ਜਾਣ ਤੋਂ ਬਾਅਦ ਪਟਿਆਲਾ ਵਿੱਚ ਆਪਣੀ ਹੀ ਪਤਨੀ ਪ੍ਰਨੀਤ ਕੌਰ ਦਾ ਪ੍ਰਚਾਰ ਕਰਨ ਤੱਕ ਨਹੀਂ ਆਏ, ਮੋਤੀ ਮਹਿਲ ਦੇ ਸਮਰਥਕ ਉਡੀਕਦੇ ਰਹੇ ਕਿ ਅਮਰਿੰਦਰ ਦਾ ਇਕ ਵੀਡੀਓ ਸੰਦੇਸ਼ ਹੀ ਆ ਜਾਂਦਾ, ਪਰ ਉਹ ਨਹੀਂ ਆਏ। ਇਸੇ ਤਰ੍ਹਾਂ ਪਟਿਆਲਾ ਦੇ ਲੋਕਾਂ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਉਸ ਦੇ ਪੁੱਤਰ ਨੂੰ ਸਿਆਸਤ ਵਿੱਚ ਬੜਾ ਮਾਣ ਦਿਵਾਇਆ, ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਪਰ ਪਟਿਆਲਾ ਵਿੱਚ ਉਨ੍ਹਾਂ ਦੇ ਬਹੁਤ ਸਮਰਥਕ ਹਨ, ਉਨ੍ਹਾਂ ਨੇ ਅਕਾਲੀ ਉਮੀਦਵਾਰ ਐੱਨ ਕੇ ਸ਼ਰਮਾ ਦੇ ਪੱਖ ਵਿੱਚ ਖ਼ੁਦ ਤਾਂ ਛੱਡੋ ਕੋਈ ਵੀਡੀਓ ਸੰਦੇਸ਼ ਵੀ ਨਹੀਂ ਭੇਜਿਆ। ਸੁਰਜੀਤ ਸਿੰਘ ਕੋਹਲੀ ਦੀ ਪਟਿਆਲਾ ਦੇ ਸ਼ਹਿਰੀ ਸਿੱਖਾਂ ਵਿੱਚ ਚਾਹਤ ਹੈ, ਉਸ ਦਾ ਪੁੱਤਰ ਅਜੀਤਪਾਲ ਸਿੰਘ ਕੋਹਲੀ ਵਿਧਾਇਕ ਹੈ ਪਰ ਉਨ੍ਹਾਂ ਦਾ ਵੀਡੀਓ ਸੰਦੇਸ਼ ਤੱਕ ਬਾਹਰ ਨਹੀਂ ਆਇਆ। ਇਸੇ ਤਰ੍ਹਾਂ ਬੇਸ਼ੱਕ ਲਾਲ ਸਿੰਘ, ਬ੍ਰਹਮ ਮਹਿੰਦਰਾ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਨਜ਼ਰ ਆਏ ਪਰ ਉਨ੍ਹਾਂ ਨੇ ਡਾ. ਗਾਂਧੀ ਦੇ ਪੱਖ ਨਾ ਪ੍ਰਚਾਰ ਕੀਤਾ ਨਾ ਹੀ ਆਪਣੇ ਚਹੇਤਿਆਂ ਲਈ ਕੋਈ ਵੀਡੀਓ ਸੰਦੇਸ਼ ਹੀ ਭੇਜਿਆ।