ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਦੀ ਗੌਰਮਿੰਟ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਡਾਇਰੈਕਟਰ ਕਮ ਪ੍ਰਿੰਸੀਪਾਲ ਡਾ. ਸਿੰਗਲਾ ਨੇ ਪੁਸ਼ਟੀ ਕੀਤੀ ਹੈ। ਉਂਜ ਇਹ ਅਸਤੀਫ਼ਾ ਅਜੇ ਪ੍ਰਵਾਨ ਨਹੀਂ ਕੀਤਾ ਗਿਆ। ਭਾਵੇਂ ਇਸ ਮਾਮਲੇ ਨੂੰ ਇਸੇ ਹਸਪਤਾਲ ’ਚ ਜ਼ੇਰੇ ਇਲਾਜ ਅਮਰਗੜ੍ਹ ਦੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਪਰ ਡਾ. ਰੇਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਸਤੀਫ਼ਾ ਆਪਣੀ ਸਿਹਤ ਸਮੱਸਿਆ ਕਾਰਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਈਡੀ ਵੱਲੋਂ ਬੈਂਕ ਘਪਲੇ ਸਬੰਧੀ ਨਵੰਬਰ 2023 ਵਿੱਚ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਗੱਜਣਮਾਜਰਾ ਪਿਛਲੇ ਕਈ ਦਿਨਾਂ ਤੋਂ ਰਾਜਿੰਦਰਾ ਹਸਪਤਾਲ ਵਿਚਲੇ ਗੁਰੂ ਨਾਨਕ ਸਪੈਸ਼ਲਿਟੀ ਵਿੰਗ ’ਚ ਜ਼ੇਰੇ ਇਲਾਜ ਹਨ, ਜੋ ਪੂਰੀ ਤਰ੍ਹਾਂ ਏਸੀ (ਫੁੱਲੀ ਏਸੀ) ਹੈ। ਪਹਿਲਾਂ ਉਨ੍ਹਾਂ ਨੂੰ ਕਈ ਦਿਨਾਂ ਤੱਕ ਇੱਥੇ ਹੀ ਸਥਿਤ ਕਾਰਡੀਓਲੋਜੀ ਵਿਭਾਗ ’ਚ ਦਾਖ਼ਲ ਰੱਖਿਆ ਗਿਆ। ਜਦੋਂ ਇਸ ਵਿਭਾਗ ਵਿੱਚੋਂ ਛੁੱਟੀ ਹੋ ਗਈ, ਤਾਂ ਅਗਲੇ ਹੀ ਦਿਨ 7 ਜੂਨ ਨੂੰ ਸ੍ਰੀ ਗੱਜਣਮਾਜਰਾ ਨੂੰ ਇਸੇ ਹੀ ਸੁਪਰਸਪੈਸ਼ਲਿਟੀ ਸੈਂਟਰ ’ਚ ਸਥਿਤ ਯੂਰੋਲੌਜੀ ਵਿਭਾਗ ’ਚ ਦਾਖਲ ਕਰ ਲਿਆ ਗਿਆ। ਇਹ ਮਾਮਲਾ ਮੀਡੀਆ ’ਚ ਆਉਣ ਮਗਰੋਂ ਕਾਫ਼ੀ ਤੂਲ ਫੜ ਗਿਆ ਹੈ। ਵਿਰੋਧੀ ਧਿਰ ਪੰਜਾਬ ਸਰਕਾਰ ’ਤੇ ਤਨਜ਼ ਕੱਸੀ ਜਾ ਰਹੀ ਹੈ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਹੈ ਕਿ ਬਦਲਾਅ ਵਾਲੀ ਸਰਕਾਰ ਦੇ ਵਿਧਾਇਕ ਨੂੰ ਜੇਲ੍ਹ ਦੀ ਥਾਂ ਹਸਪਤਾਾਲ ’ਚ ਵੀਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦਾ ਕਹਿਣਾ ਸੀ ਕਿ ਕਿਸੇ ਦੀ ਬਿਮਾਰੀ ’ਤੇ ਵੀ ਸਿਆਸਤ ਕਰਨੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਉਸੇ ਹੀ ਵਾਰਡ ਵਿੱਚ ਰੱਖਿਆ ਜਾਂਦਾ ਹੈ, ਜਿਸ ’ਚ ਉਸ ਦਾ ਇਲਾਜ ਹੋ ਸਕਦਾ ਹੋਵੇ। ਸ੍ਰੀ ਗੱਜਣਮਾਜਰਾ ਨੂੰ ਇਸ ਵਾਰਡ ’ਚ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਇਸੇ ਹੀ ਵਾਰਡ ’ਚ ਸੰਭਵ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.