
ਐਸ.ਡੀ.ਐਮ ਤਰਸੇਮ ਚੰਦ ਵੱਲੋਂ ਸਮਾਣਾ ਮੰਡੀ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ
- by Jasbeer Singh
- October 8, 2024

ਐਸ.ਡੀ.ਐਮ ਤਰਸੇਮ ਚੰਦ ਵੱਲੋਂ ਸਮਾਣਾ ਮੰਡੀ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ -ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਤਰਸੇਮ ਚੰਦ -ਕਿਹਾ, ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਲੈਕੇ ਆਉਣ ਸਮਾਣਾ, 8 ਅਕਤੂਬਰ : ਉਪ ਮੰਡਲ ਮੈਜਿਸਟਰੇਟ ਸਮਾਣਾ ਤਰਸੇਮ ਚੰਦ ਨੇ ਅੱਜ ਸਮਾਣਾ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਖਰੀਦ ਏਜੰਸੀਆਂ ਨੂੰ ਮੰਡੀਆਂ 'ਚ ਆਏ ਝੋਨੇ ਦੀ ਨਾਲੋ ਨਾਲ ਖਰੀਦ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਖਰੀਦੇ ਝੋਨੇ ਦੀ ਮੰਡੀਆਂ 'ਚੋਂ ਲਿਫ਼ਟਿੰਗ ਵੀ ਤੇਜ਼ੀ ਨਾਲ ਕੀਤੀ ਜਾਵੇ। ਐਸ.ਡੀ.ਐਮ ਨੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਕਿਸਾਨ ਦੀ ਜਿਣਸ ਦੀ ਮੰਡੀ 'ਚ ਆਮਦ ਹੋਣ ਸਮੇਂ ਪੱਖਾ ਆਦਿ ਲਗਣ ਮਗਰੋਂ ਤੁਰੰਤ ਖਰੀਦ ਕਰਵਾਈ ਜਾਵੇ। ਤਰਸੇਮ ਚੰਦ ਨੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਜਿਣਸ ਹੀ ਮੰਡੀ 'ਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ 'ਚ ਜ਼ਿਆਦਾ ਸਮਾਂ ਨਾ ਬੈਠਣਾ ਪਵੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਚੁਸਤ-ਦਰੁਸਤ ਹੈ ਤੇ ਮੰਡੀਆਂ 'ਚ ਆਪਣੀ ਜਿਣਸ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਉਪਲਬੱਧ ਕਰਵਾਉਣ ਲਈ 'ਉੱਨਤ ਕਿਸਾਨ' ਮੋਬਾਇਲ ਐਪ ਤਿਆਰ ਕੀਤੀ ਗਈ ਹੈ ਜਿਸ ਰਾਹੀਂ ਕਿਸਾਨ ਪਰਾਲੀ ਪ੍ਰਬੰਧਨ ਵਾਲੀ ਆਪਣੇ ਨੇੜੇ ਮੌਜੂਦ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦੇ ਹਨ। ਫੋਟੋ: ਐਸ.ਡੀ.ਐਮ ਤਰਸੇਮ ਚੰਦ ਸਮਾਣਾ ਮੰਡੀ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ।