
ਕੋਲੇ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ ਪਰਾਲੀ ਦੀ ਵਰਤੋਂ : ਅਨਿਲ ਬਵੇਜਾ
- by Jasbeer Singh
- July 16, 2025

ਕੋਲੇ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ ਪਰਾਲੀ ਦੀ ਵਰਤੋਂ : ਅਨਿਲ ਬਵੇਜਾ ਪਟਿਆਲਾ, 16 ਜੁਲਾਈ 2025 : ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੀ ਵਰਤੋਂ ਸਬੰਧੀ ਇਕ ਦਿਨਾਂ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਸਮਰੱਥ ਮਿਸ਼ਨ, ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਤੇ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ, ਨੰਗਲ ਦੇ ਸਾਂਝੇ ਉਪਰਾਲੇ ਤਹਿਤ ਪਟਿਆਲਾ ਵਿਖੇ ਕਰਵਾਇਆ ਗਿਆ । ਮਾਹਰਾਂ ਨੇ ਦਿੱਤੀ ਬਾਇਓਮਾਸ ਪੈਲੇਟ ਤਿਆਰ ਕਰਨ ਦੀ ਤਕਨੀਕ ਬਾਰੇ ਜਾਣਕਾਰੀ ਜਾਗਰੂਕਤਾ ਤੇ ਸਿਖਲਾਈ ਪ੍ਰੋਗਰਾਮ ’ਚ ਮਿਸ਼ਨ ਅਧਿਕਾਰੀਆਂ, 200 ਤੋਂ ਵੱਧ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ (ਐਫ. ਪੀ. ਓ.), ਥਰਮਲ ਪਾਵਰ ਪਲਾਂਟ ਅਧਿਕਾਰੀਆਂ, ਬੈਂਕਰਾਂ, ਉਦਯੋਗਪਤੀਆਂ ਅਤੇ ਪੈਲੇਟ ਨਿਰਮਾਤਾਵਾਂ ਨੇ ਭਾਗ ਲਿਆ। ਸਮਰੱਥ ਮਿਸ਼ਨ, ਪੰਜਾਬ ਖੇਤੀਬਾੜੀ ਵਿਭਾਗ, ਐਸ. ਬੀ. ਆਈ., ਗਲੋਬਲ ਨਾਮਧਾਰੀ ਇੰਜੀਨੀਅਰਜ਼ ਅਤੇ ਪੀ. ਐਸ. ਪੀ. ਸੀ. ਐਲ. ਤੋਂ ਆਏ ਮਾਹਰਾਂ ਨੇ ਬਾਇਓਮਾਸ ਪੈਲੇਟ ਤਿਆਰ ਕਰਨ ਦੀ ਤਕਨੀਕ, ਉਪਕਰਨ ਅਤੇ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਕਿਸਾਨਾਂ ਤੇ ਥਰਮਲ ਪਾਵਰ ਪਲਾਂਟਾਂ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਿੱਤੀ ਜਾਣਕਾਰੀ ਐਨ. ਪੀ. ਟੀ. ਆਈ. ਦੇ ਡਾਇਰੈਕਟਰ ਡਾ. ਐਮ. ਰਵੀਚੰਦਰ ਬਾਬੂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਕਿਸਾਨਾਂ ਤੇ ਥਰਮਲ ਪਾਵਰ ਪਲਾਂਟਾਂ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਇਹ ਪਹਿਲ ਗਰੀਨ ਐਨਰਜੀ ਊਰਜਾ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।ਖੇਤੀਬਾੜੀ ਅਧਿਕਾਰੀ ਡਾ. ਏ. ਐਸ. ਮਾਨ ਨੇ ਪਟਿਆਲਾ ਖੇਤਰ ਵਿੱਚ ਉਪਲਬਧ ਕੱਚੇ ਬਾਇਓਮਾਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਥਰਮਲ ਪਲਾਂਟਾਂ ਲਈ ਪੈਲੇਟ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਐਨ. ਪੀ. ਟੀ. ਆਈ. ਅਤੇ ਮਿਸ਼ਨ ਅਧਿਕਾਰੀਆਂ ਦਾ ਪਟਿਆਲਾ ਵਿੱਚ ਇਹ ਸਮਾਗਮ ਕਰਵਾਉਣ ਲਈ ਧੰਨਵਾਦ ਵੀ ਕੀਤਾ। ਡਾਇਰੈਕਟਰ ਸਮਰੱਥ ਮਿਸ਼ਨ ਅਨਿਲ ਬਵੇਜਾ ਨੇ ਕੀਤਾ ਸਮਾਗਮ ਦਾ ਉਦਘਾਟਨ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ, ਸਮਰੱਥ ਮਿਸ਼ਨ ਅਨਿਲ ਬਵੇਜਾ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਮਾਸ ਸਪਲਾਈ ਚੇਨ ਅਤੇ ਵਿੱਤੀ ਪੱਖਾਂ ਉੱਤੇ ਚਰਚਾ ਕੀਤੀ ਅਤੇ ਐਫ. ਪੀ. ਓ., ਨਵੇਂ ਉਦਯੋਗਪਤੀਆਂ ਨੂੰ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਅਤੇ ਉਦਯੋਗਪਤੀਆਂ ਲਈ ਅਨੇਕ ਵਿੱਤੀ ਅਤੇ ਤਕਨੀਕੀ ਸਕੀਮਾਂ ਉਪਲਬਧ ਹਨ । ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਡੀ ਮਾਤਰਾ ਵਿੱਚ ਪਰਾਲੀ ਉਪਲਬਧ ਹੈ, ਜਿਸ ਨੂੰ ਜਲਾਇਆ ਜਾਂਦਾ ਹੈ, ਜੇਕਰ ਇਸ ਦਾ ਵਰਤੋਂ ਕਰਕੇ ਪੈਲੇਟ ਤਿਆਰ ਕੀਤੇ ਜਾਣ, ਤਾਂ ਇਹ ਪਰਾਲੀ ਸਾੜਨ ਅਤੇ ਕੋਲ ਦੀ ਘਾਟ ਦੋਵਾਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ । ਉਦਯੋਗਪਤੀਆਂ, ਪੈਲੇਟ ਨਿਰਮਾਤਾਵਾਂ ਅਤੇ ਕਿਸਾਨਾਂ ਨੂੰ ਐਫ. ਪੀ. ਓ. ਬਣਾ ਕੇ ਪਰਾਲੀ ਇਕੱਠੀ ਕਰਨ ਅਤੇ ਪੈਲੇਟ ਨਿਰਮਾਣ ਕਾਰੋਬਾਰ ਵਿੱਚ ਕਦਮ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ, ਕਿਉਂਕਿ ਅਗਲੇ ਸਾਲਾਂ ਵਿੱਚ ਇਸ ਖੇਤਰ ਦੀ ਮੰਗ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਉਪ-ਡਾਇਰੈਕਟਰ ਸੰਜੇ ਕੁਮਾਰ ਸਿੰਘ ਅਤੇ ਸਹਾਇਕ ਡਾਇਰੈਕਟਰ ਸੌਰਭ ਮਹਾਜਨ ਨੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਨੋਜ ਕੁਮਾਰ ਯਾਦਵ (ਮਿਸ਼ਨ ਮੈਂਬਰ), ਡਾ. ਰਵਿੰਦਰਪਾਲ ਸਿੰਘ ਚੱਠਾ, ਹਰਵਿੰਦਰ ਸਿੰਘ, ਅਤੁਲ ਜੈਨ, ਭਗਵੰਤ ਸਿੰਘ ਨੇ ਬਾਇਓਮਾਸ ਪੈਲੇਟ, ਥਰਮਲ ਪਾਵਰ ਪਲਾਂਟਾਂ ਵਿੱਚ ਉਨ੍ਹਾਂ ਦੀ ਵਰਤੋਂ ਅਤੇ ਵਿੱਤੀ ਮਦਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।