
ਹੜ੍ਹ ਪੀੜਤਾਂ ਲਈ ਐਲਾਨੀ 1600 ਕਰੋੜ ਰੁਪਏ ਦੀ ਸਹਾਇਤਾ ਨਾ ਕਾਫੀ : ਪ੍ਰੋ. ਬਡੂੰਗਰ ਕੁਦਰਤੀ

ਹੜ੍ਹ ਪੀੜਤਾਂ ਲਈ ਐਲਾਨੀ 1600 ਕਰੋੜ ਰੁਪਏ ਦੀ ਸਹਾਇਤਾ ਨਾ ਕਾਫੀ : ਪ੍ਰੋ. ਬਡੂੰਗਰ ਕੁਦਰਤੀ ਹੜਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਰਾਜ ਤੇ ਕੇਂਦਰ ਦੋਵਾਂ ਸਰਕਾਰਾਂ ਨੇ ਨਹੀਂ ਲਈ ਸਾਰ : ਪ੍ਰੋ . ਬਡੂੰਗਰ ਪਟਿਆਲਾ, 12 ਸਤੰਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਸਾਰਾ ਪੰਜਾਬ ਕੁਦਰਤੀ ਹੜਾਂ ਦੀ ਮਾਰ ਹੇਠ ਆ ਕੇ ਬੁਰੀ ਤਰ੍ਹਾਂ ਤਬਾਹੀ ਕਿਨਾਰੇ ਪਹੁੰਚ ਚੁੱਕਿਆ ਹੈ ਅਤੇ ਇਸ ਹੜ ਦੀ ਕਰੋਪੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਹਰੇਕ ਵਰਗ ਨੂੰ ਆਰਥਿਕ ਤੌਰ ਤੇ ਵੱਡਾ ਘਾਟਾ ਪਿਆ ਹੈ, ਘਰਾਂ ਦੇ ਘਰ ਉਜੜ ਗਏ, ਪਸ਼ੂ ਪਾਣੀ ਵਿੱਚ ਵਹਿ ਕੇ ਮਰ ਗਏ ਹਨ, ਤੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਪੁੱਤਾਂ ਵਾਂਗ ਪਾਲੀ ਹੋਈ ਫਸਲ ਵੀ ਬੁਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਈ ਹੈ ਤੇ ਕਿੰਨੀਆਂ ਹੀ ਕੀਮਤੀ ਜਾਨਾਂ ਅਜਾਈ ਜਾ ਚੁੱਕੀਆਂ ਹਨ । ਉਹਨਾਂ ਕਿਹਾ ਕਿ ਭਾਵੇਂ ਇਹ ਘਾਟੇ ਕਦੇ ਪੂਰੇ ਨਹੀਂ ਹੋ ਸਕਦੇ ਪ੍ਰੰਤੂ ਅਜਿਹੇ ਸਮਿਆਂ ਵਿੱਚ ਸਰਕਾਰਾਂ ਵੱਲੋਂ ਲੋੜਵੰਦ ਪੀੜਤ ਪਰਿਵਾਰਾਂ ਦੀ ਮਦਦ ਤਾਂ ਖੁੱਲੇ ਦਿਲ ਨਾਲ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਪੰਜਾਬ ਤੇ ਪਈ ਇਸ ਬਿਫਤਾ ਵਿੱਚ ਕੇਂਦਰ ਤੇ ਰਾਜ ਦੋਵਾਂ ਸਰਕਾਰਾਂ ਵੱਲੋਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਗਿਆ ਜਦੋਂ ਕਿ ਸਮਾਜ ਸੇਵੀ ਜਥੇ ਬੰਦੀਆਂ ਨੇ ਪੰਜਾਬ ਦੀ ਬਾਂਹ ਫੜੀ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਕੁਦਰਤੀ ਮਾਰ ਹੜਾਂ ਦਾ ਜਾਇਜਾ ਲੈਣ ਲਈ ਖੁਦ ਪੰਜਾਬ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਭਾਈ ਮੋਦੀ ਵਲੋਂ ਪੰਜਾਬ ਦੇ ਅਣਗਿਣਤ ਹੜ੍ਹ ਪੀੜਤਾਂ ਲਈ ਐਲਾਨੀ 1600 ਕਰੋੜ ਰੁਪਏ ਦੀ ਸਹਾਇਤਾ ਨਾ ਕਾਫੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਹੀ ਇੱਕ ਅਜਿਹਾ ਰਾਜ ਹੈ, ਜਿਸ ਨੂੰ ਸਭ ਤੋਂ ਵੱਧ ਸੰਤਾਪ ਭੋਗਣਾ ਪਿਆ ਹੈ ਤੇ ਪੰਜਾਬੀਆਂ ਵੱਲੋਂ ਹੀ ਭਾਰਤ ਦੀ ਸਭ ਪ੍ਰਕਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਗਏ ਮਹਾਨ ਕਾਰਜ ਅਤੇ ਭਾਰਤ ਦੀਆ ਸਰਹੱਦਾਂ ਦੀ ਰਾਖੀ ਕਰਦਿਆਂ ਦਿਤੀਆਂ ਗਈਆਂ ਅਣਗਿਣਤ ਕੁਰਬਾਨੀਆਂ ਅਤੇ ਹੜ੍ਹਾਂ ਕਾਰਨ ਹੋਏ ਬੇਤਹਾਸਾ ਆਰਥਿਕ ਨੁਕਸਾਨ ਅਤੇ ਹੜਾਂ ਦੌਰਾਨ ਹੋਈਆਂ ਤਕਰੀਬਨ 50 ਮੌਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਭਰਪੂਰ ਆਰਥਿਕ ਮਦਦ ਕਰਨ ਤਾਂ ਜੋ ਪੰਜਾਬ ਮੁੜ ਪੈਰਾਂ ਉਤੇ ਖੜੇ ਹੋ ਕੇ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਚੜ੍ਹਕੇ ਹਿਸਾ ਪਾ ਸਕਣ ।