

ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ : ਡੀ. ਐਫ. ਐਸ. ਸੀ. ਕਿਸਾਨਾਂ ਨੂੰ ਕੇਵਲ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਦੀ ਕੀਤੀ ਅਪੀਲ ਪਟਿਆਲਾ, 13 ਸਤੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਰੂਪਪ੍ਰੀਤ ਕੌਰ ਨੇ ਦੱਸਿਆ ਕਿ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕੇਵਲ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ । ਜ਼ਿਲ੍ਹਾ ਕੰਟਰੋਲਰ ਡਾ. ਰੂਪਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ: ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ/ਜਿੰਮੀਦਾਰਾਂ ਨੂੰ ਸੀਜ਼ਨ ਦੌਰਾਨ ਕਿਸੇ ਪ੍ਰਕਾਰ ਦੀਆਂ ਔਕੜਾਂ ਨਹੀ ਆਉਣ ਦਿੱਤੀਆਂ ਜਾਣਗੀਆਂ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਦੀ ਸੁਚਾਰੂ ਤੇ ਤੁਰੰਤ ਖ਼ਰੀਦ ਲਈ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ । ਉਹਨਾਂ ਸੁੱਕਾ ਝੋਨਾ ਲਿਆਉਣ ਦੇ ਫਾਇਦੇ ਦਰਸਾਂਉਂਦੇ ਹੋਏ ਵਿਸ਼ੇਸ਼ ਤੌਰ ‘ ਤੇ ਕਿਹਾ ਕਿ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਨਾਲ ਕਿਸਾਨਾਂ ਦੀ ਫ਼ਸਲ ਦੀ ਖਰੀਦ ਜਲਦੀ ਹੋ ਜਾਂਦੀ ਹੈ ਅਤੇ ਇਸ ਉਪਰੰਤ ਅਦਾਇਗੀ ਵੀ ਤੁਰੰਤ ਹੋ ਜਾਂਦੀ ਹੈ । ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁੱਕਾ ਝੋਨਾ ਲਿਆਉਣ ਨਾਲ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਨਿਰਵਿਘਨ ਹੁੰਦੀ ਹੈ, ਜਿਸ ਕਾਰਨ ਬਾਕੀ ਰਹਿੰਦੇ ਕਿਸਾਨ ਵੀਰਾਂ ਨੂੰ ਮੰਡੀ ਵਿੱਚ ਜਿਣਸ ਵੇਚਣ ਲਈ ਮਸ਼ਕਿਲਾਂ ਦਾ ਸਾਹਮਣਾ ਨਹੀ ਕਰਨਾ ਪੈਂਦਾ । ਡੀ. ਐਫ. ਐਸ. ਸੀ. ਨੇ ਇਹ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਝੋਨੇ ਦੀ ਖ਼ਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਪਹਿਲੇ ਹੀ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਦੀ ਜਿਣਸ ਦਾ ਇਕ ਇਕ ਦਾਣਾ ਸਮੇਂ ਸਿਰ ਖ਼ਰੀਦਿਆ ਜਾਵੇਗਾ, ਇਸ ਲਈ ਉਹਨਾਂ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਦੇ ਹੋਏ ਕੇਵਲ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਖ਼ਰੀਦ ਦੀ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਸਕੇ ।