
ਐਸ. ਡੀ. ਐਮ. ਵਿਕਾਸ ਹੀਰਾ ਦੀ ਅਗਵਾਈ ਹੇਠਲੀ ਟੀਮ ਵੱਲੋਂ ਪਿੰਡ ਦੌਲਤਪੁਰ ਦਾ ਦੌਰਾ
- by Jasbeer Singh
- February 8, 2025

ਐਸ. ਡੀ. ਐਮ. ਵਿਕਾਸ ਹੀਰਾ ਦੀ ਅਗਵਾਈ ਹੇਠਲੀ ਟੀਮ ਵੱਲੋਂ ਪਿੰਡ ਦੌਲਤਪੁਰ ਦਾ ਦੌਰਾ ਐਸ. ਟੀ. ਪੀ. ਸਬੰਧੀ ਤੱਥ ਅਧਾਰਿਤ ਜਾਣਕਾਰੀ ਪਿੰਡ ਵਾਸੀਆਂ ਨਾਲ ਕੀਤੀ ਸਾਂਝੀ ਧੂਰੀ, 8 ਫਰਵਰੀ : ਧੂਰੀ ਨੇੜਲੇ ਪਿੰਡ ਦੌਲਤਪੁਰ ਵਿਖੇ ਸੀਵਰੇਜ਼ ਟ੍ਰੀਟਮੈਂਟ ਪਲਾਂਟ (ਐਸ. ਟੀ. ਪੀ.) ਲਈ ਜ਼ਮੀਨ ਪ੍ਰਾਪਤੀ ਦੇ ਸਮਾਜਿਕ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਉਪ ਮੰਡਲ ਮੈਜਿਸਟਰੇਟ ਧੂਰੀ ਵਿਕਾਸ ਹੀਰਾ ਵੱਲੋਂ ਨਗਰ ਕੌਂਸਲ ਧੂਰੀ ਦੇ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ, ਐਸ. ਡੀ. ਈ ਮਨਜੀਤ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੇਟ ਸੋਸ਼ਲ ਇੰਮਪੈਕਟ ਅਸੈਸਮੈਂਟ ਅਥਾਰਟੀ ਟੀਮ ਸਮੇਤ ਸਾਂਝੇ ਤੌਰ ਉੱਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਵਿੱਚ ਮੌਕਾ ਵੇਖਿਆ ਗਿਆ ਅਤੇ ਪਿੰਡ ਵਾਸੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ । ਦੌਰਾ ਕਰਨ ਵਾਲੀ ਟੀਮ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਸੀਵਰੇਜ਼ ਟ੍ਰੀਟਮੈਂਟ ਪਲਾਂਟ ਸਬੰਧੀ ਜਾਣਕਾਰੀ ਦਿੰਦੇ ਹੋਏੇ ਦੱਸਿਆ ਕਿ ਸੀਵਰੇਜ਼ ਟ੍ਰੀਟਮੈਂਟ ਪਲਾਂਟ ਰਾਹੀਂ ਸੋਧਿਆ ਹੋਇਆ ਪਾਣੀ ਫਸਲਾਂ ਦੀ ਪੈਦਾਵਾਰ ਅਤੇ ਹੋਰ ਵਸੀਲਿਆਂ ਲਈ ਵਰਤਿਆ ਜਾ ਸਕਦਾ ਹੈ । ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਸੂਦ ਵੱਲੋਂ ਸੋਸ਼ਲ ਇੰਮਪੈਕਟ ਵਿੱਚ ਦਰਜ ਤੱਥਾਂ ਬਾਰੇ ਮੁਕੰਮਲ ਤੌਰ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਨਜੀਤ ਸਿੰਘ ਐਸ. ਡੀ. ਈ. ਵੱਲੋਂ ਸੀਵਰੇਜ਼ ਪਲਾਂਟ ਤੋਂ ਬਦਬੂ ਨਾ ਫੈਲਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ । ਐਸ. ਡੀ. ਐਮ. ਧੂਰੀ ਵਿਕਾਸ ਹੀਰਾ ਨੇ ਦੱਸਿਆ ਕਿ ਜੇਕਰ ਪਿੰਡ ਦੀ ਪੰਚਾਇਤ ਕਿਸੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਕਾਰਜ ਪ੍ਰਣਾਲੀ ਨੂੰ ਦੇਖਣ ਲਈ ਅਗੇਤੇ ਤੌਰ ਉੱਤੇ ਦੌਰਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸਰਕਾਰ ਦੇ ਖਰਚੇ ਉਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਿਖਾਇਆ ਜਾਵੇਗਾ । ਐਸ. ਡੀ. ਐਮ. ਵਿਕਾਸ ਹੀਰਾ ਨੇ ਦੱਸਿਆ ਕਿ ਪਿੰਡ ਵਾਸੀਆਂ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਬਾਰੇ ਤੱਥ ਅਧਾਰਿਤ ਜਾਣਕਾਰੀ ਸਾਂਝੀ ਕਰਨ ਦੇ ਉਦੇਸ਼ ਨਾਲ ਮਾਹਿਰਾਂ ਦੀ ਟੀਮ ਸਮੇਤ ਦੌਰਾ ਕੀਤਾ ਗਿਆ ਹੈ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਮਗਰੋਂ ਸੀਵਰੇਜ਼ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਜ਼ਮੀਨ ਦੇਣ ਲਈ ਮੁੜ ਤੋਂ ਵਿਚਾਰ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ।