post

Jasbeer Singh

(Chief Editor)

Patiala News

ਐਸ. ਡੀ.ਐਮ ਪਟਿਆਲਾ ਨੇ ਕੰਬਾਇਨਾਂ ਦੀ ਕੀਤੀ ਚੈਕਿੰਗ

post-img

ਐਸ. ਡੀ.ਐਮ ਪਟਿਆਲਾ ਨੇ ਕੰਬਾਇਨਾਂ ਦੀ ਕੀਤੀ ਚੈਕਿੰਗ -ਸੁਪਰ ਐਸ.ਐਮ.ਐਸ ਦੇ ਬਿਨਾਂ ਚੱਲਣ ਵਾਲੀਆਂ ਕੰਬਾਇਨਾਂ ਦੇ ਚਲਾਨ ਕੱਟੇ ਜਾਣਗੇ : ਮਨਜੀਤ ਕੌਰ ਪਟਿਆਲਾ, 9 ਅਕਤੂਬਰ : ਐਸ.ਡੀ.ਐਮ ਪਟਿਆਲਾ ਮਨਜੀਤ ਕੌਰ ਨੇ ਅੱਜ ਪਿੰਡ ਕਸਿਆਣਾ ਵਿਖੇ ਝੋਨੇ ਦੀ ਵਾਢੀ ਕਰ ਰਹੀਆਂ ਕੰਬਾਇਨਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਬਿਨਾਂ ਸੁਪਰ ਐਸ.ਐਮ.ਐਸ ਲਗਾਏ ਵਾਢੀ ਕਰਨ ਵਾਲੀਆਂ ਕੰਬਾਇਨਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਸਾਨ ਮਨਜੋਤ ਸਿੰਘ ਦੇ ਖੇਤਾਂ ਵਿੱਚ ਚੱਲ ਰਹੀ ਕੰਬਾਇਨ ’ਤੇ ਸੁਪਰ ਐਸ.ਐਮ.ਐਸ ਨਾ ਲੱਗੇ ਹੋਣ ’ਤੇ ਕਿਸਾਨਾਂ ਨੂੰ ਤਾੜਨਾ ਕੀਤੀ। ਕਿਸਾਨ ਮਨਜੋਤ ਸਿੰਘ ਨੇ ਵੀ ਅਧਿਕਾਰੀਆਂ ਨੂੰ ਭਰੋਸਾ ਦਵਾਇਆ ਕਿ ਉਹ ਬੇਲਰ ਨਾਲ ਪਰਾਲੀ ਦੀਆਂ ਗੰਢਾ ਬਣਾਏਗਾ ਤੇ ਖੇਤ ਵਿੱਚ ਅੱਗ ਨਹੀਂ ਲਗਾਏਗਾ। ਇਸ ਮੌਕੇ ਐਸ.ਡੀ.ਐਮ ਮਨਜੀਤ ਕੌਰ ਨੇ ਕਿਸਾਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਚਲਾਨ ਕੱਟਿਆ ਜਾਵੇਗਾ। ਐਸ.ਡੀ.ਐਮ ਮਨਜੀਤ ਕੌਰ ਨੇ ਪਟਿਆਲਾ ਸਬ ਡਵੀਜ਼ਨ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਵਾਢੀ ਕਰਵਾਉਣ ਸਮੇਂ ਇਹ ਯਕੀਨੀ ਬਣਾਉਣ ਕਿ ਕੰਬਾਇਨ ’ਤੇ ਸੁਪਰ ਐਸ.ਐਮ.ਐਮ ਲੱਗਿਆ ਹੋਵੇ। ਉਨ੍ਹਾਂ ਕਿਹਾ ਕਿ ਕਈ ਵਾਰ ਕੰਬਾਇਨਾਂ ਵਾਲੇ ਤੇਲ ਦੀ ਬੱਚਤ ਕਰਨ ਲਈ ਸੁਪਰ ਐਸ.ਐਮ.ਐਸ ਦੀ ਵਰਤੋਂ ਨਹੀਂ ਕਰਦੇ ਜਿਸ ਦਾ ਖ਼ਮਿਆਜ਼ਾ ਕਿਸਾਨ ਨੂੰ ਭੁਗਤਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਖੇਤਾਂ ਵਿੱਚ ਚੱਲ ਰਹੀਆਂ ਕੰਬਾਇਨਾਂ ਦੀ ਚੈਕਿੰਗ ਕਰਨਗੇ ਤੇ ਜੇਕਰ ਕੋਈ ਕੰਬਾਇਨ ਬਿਨਾਂ ਸੁਪਰ ਐਸ.ਐਮ.ਐਸ ਦੇ ਵਾਢੀ ਕਰਦੇ ਪਾਈ ਗਈ ਤਾਂ ਉਸ ਦਾ ਚਲਾਨ ਮੌਕੇ ’ਤੇ ਹੀ ਕੱਟਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਪ੍ਰਾਪਤ ਕਰਨ ਲਈ ’ਉੱਨਤ ਕਿਸਾਨ’ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨ ਨੂੰ ਆਪਣੇ ਨੇੜੇ ਮੌਜੂਦ ਮਸ਼ੀਨਰੀ ਦੀ ਬੁਕਿੰਗ ਆਸਾਨੀ ਨਾਲ ਕਰਵਾਈ ਜਾ ਸਕਦੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੋਹਿਤ ਸਿੰਗਲਾ ਵੀ ਮੌਜੂਦ ਸਨ।

Related Post