post

Jasbeer Singh

(Chief Editor)

Punjab

ਐਸ. ਜੀ. ਪੀ. ਸੀ. ਨੇ ਐਮਜਾਜੋਨ ਕੰਪਨੀ ਨੂੰ ਪੱਤਰ ਲਿਖ ਕੇ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਮੰਗਿਆ

post-img

ਐਸ. ਜੀ. ਪੀ. ਸੀ. ਨੇ ਐਮਜਾਜੋਨ ਕੰਪਨੀ ਨੂੰ ਪੱਤਰ ਲਿਖ ਕੇ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਮੰਗਿਆ ਅੰਮ੍ਰਿਤਸਰ : ਗੁਟਕਾ ਸਾਹਿਬ ਦੀ ਵਿਕਰੀ ਨੂੰ ਰੋਕਣ ਲਈ ਐੱਸਜੀਪੀਸੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਾਜ਼ੋਨ ਕੰਪਨੀ ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ ਹੈ।ਐਸ. ਜੀ. ਪੀ. ਸੀ. ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ ’ਤੇ ਆਨਲਾਈਨ ਵੇਚਣਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਦੇ ਸਟੋਰਾਂ ’ਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ। ਜਦੋਂ ਪਾਰਸਲ ਰਾਹੀਂ ਇਹ ਇਕ ਤੋਂ ਦੂਜੀ ਥਾਂ ’ਤੇ ਪੁੱਜਦੇ ਹਨ ਤਾਂ ਕੁਦਰਤੀ ਹੈ ਕਿ ਇਸ ਦੇ ਸਤਿਕਾਰ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਅਤੇ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ। ਐਡਵੋਕੇਟ ਧਾਮੀ ਨੇ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।ਉਨ੍ਹਾਂ ਪਬਲੀਸ਼ਰਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਹ ਗੁਟਕਾ ਸਾਹਿਬ ਅਤੇ ਪਾਵਨ ਪੋਥੀਆਂ ਨੂੰ ਆਨਲਾਈਨ ਵੇਚਣ ਤੋਂ ਗੁਰੇਜ ਕਰਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿੱਚ ਵੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਐਮਾਜ਼ੋਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ, ਜਿਸ ਮਗਰੋਂ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਬੰਦ ਕਰ ਦਿੱਤੀ ਗਈ ਸੀ। ਇਸ ਸਬੰਧੀ ਐਮਾਜ਼ੋਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ।

Related Post