post

Jasbeer Singh

(Chief Editor)

Punjab

ਦਹਿਸ਼ਤਗਰਦੀ ਖਿਲਾਫ ਜੰਗ ਲਈ ਭਾਰਤੀ ਫ਼ੌਜ ਨੂੰ ਸਲਾਮ : ਕੈਬਨਿਟ ਮੰਤਰੀ ਬਰਿੰਦਰ ਗੋਇਲ

post-img

ਦਹਿਸ਼ਤਗਰਦੀ ਖਿਲਾਫ ਜੰਗ ਲਈ ਭਾਰਤੀ ਫ਼ੌਜ ਨੂੰ ਸਲਾਮ : ਕੈਬਨਿਟ ਮੰਤਰੀ ਬਰਿੰਦਰ ਗੋਇਲ ਆਓ; ਫੌਜੀ ਪਰਿਵਾਰਾਂ ਦੇ ਨਾਲ ਖੜ੍ਹੀਏ ਕੈਬਨਿਟ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਪੰਜਾਬ ਦੇ ਜਲ ਸਰੋਤ ਅਤੇ ਨਹਿਰੀ ਪਾਣੀ ਵਿਭਾਗ ਦੇ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਲਹਿਰਾਗਾਗਾ, 10 ਮਈ : ਦਹਿਸ਼ਤਗਰਦੀ ਖਿਲਾਫ ਜੰਗ ਲਈ ਭਾਰਤੀ ਫ਼ੌਜ ਨੂੰ ਸਲਾਮ ਹੈ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫ਼ੌਜ ਦੇ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਨਾ ਸਾਡਾ ਸਭ ਦਾ ਮੁੱਢਲਾ ਫਰਜ਼ ਹੈ। ਸਰਹੱਦਾਂ ਦੀ ਰਾਖੀ ਕਰ ਰਹੇ ਸਾਡੇ ਫੌਜੀ ਜਵਾਨਾਂ ਕਰ ਕੇ ਹੀ ਆਮ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ , ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਅਤੇ ਨਹਿਰੀ ਪਾਣੀ ਵਿਭਾਗ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਆਪਣੇ ਹਲਕਾ ਲਹਿਰਾਗਾਗਾ ਵਿਖੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਲਈ ਆਪਣੇ ਦਫ਼ਤਰ ਵਿਖੇ ਕੀਤੀ ਲੋਕ ਮਿਲਣੀ ਦੌਰਾਨ ਕੀਤਾ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਸੂਬੇ ਦੇ ਲੋਕਾਂ ਤੇ ਦੇਸ਼ ਨਾਲ ਖੜ੍ਹੀ ਹੈ । ਪੰਜਾਬ ਦੇ ਕੈਬਨਿਟ ਮੰਤਰੀ ਸਰਹੱਦੀ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਹਾਲਾਤ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ। ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਤੇ ਨਾ ਹੀ ਰਾਸ਼ਨ - ਪਾਣੀ ਦੀ ਕਿਤੇ ਕੋਈ ਕਮੀ ਹੈ ਤੇ ਨਾ ਹੀ ਕਮੀ ਆਉਣ ਦਿੱਤੀ ਜਾਵੇਗੀ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਅਫ਼ਵਾਹ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਸਰਕਾਰ ਵੱਲੋਂ ਜਿਹੜੀ ਵੀ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ, ਉਸ ਦੀ ਪਾਲਣਾ ਯਕੀਨੀ ਬਣਾਈ ਜਾਵੇ। ਅਹਿਤਿਆਤ ਵਜੋਂ ਜਦੋਂ ਵੀ ਬਲੈਕਆਊਟ ਹੁੰਦਾ ਹੈ ਜਾਂ ਰਾਤ 08 ਵਜੇ ਤਕ ਕਾਰੋਬਾਰ ਬੰਦ ਕਰਨ ਸਮੇਤ ਜਿਹੜੀਆਂ ਵੀ ਹਦਾਇਤਾਂ ਜਾਰੀ ਹੁੰਦੀਆਂ ਹਨ, ਉਹਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ । ਭਾਰਤ ਦੀਆਂ ਫੌਜਾਂ ਬਹੁਤ ਸਮਰੱਥ ਹਨ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਔਖ ਨਹੀਂ ਆਉਣ ਦੇਣਗੀਆਂ। ਭਾਰਤੀ ਫੌਜਾਂ ਨੇ ਬਹੁਤ ਹੀ ਸੰਜਮ ਨਾਲ ਪਹਿਲਗਾਮ ਵਿਖੇ ਹੋਏ ਦਹਿਸ਼ਤੀ ਹਮਲੇ ਦੇ ਇਨਸਾਫ ਵਜੋਂ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਪਰ ਪਾਕਿਸਤਾਨ ਵੱਲੋਂ ਇਸ ਕਾਰਵਾਈ ਕਾਰਨ ਬੌਖਲਾਹਟ ਵਿੱਚ ਆਕੇ ਭਾਰਤ ਵੱਲ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਦੇਸ਼ ਦੀਆਂ ਫੌਜਾਂ ਢੁਕਵਾਂ ਜਵਾਬ ਦੇ ਰਹੀਆਂ ਹਨ। ਇਸ ਲਈ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ । ਲੋਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਾਹਮਣੇ ਆਏ ਮਸਲਿਆਂ ਦਾ ਮੌਕੇ ਉੱਤੇ ਨਿਪਟਾਰਾ ਕੀਤਾ ਗਿਆ ਅਤੇ ਕੁਝ ਮਸਲਿਆਂ ਸਬੰਧੀ ਮੌਕੇ ਉੱਤੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ । ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਦੇ ਮਸਲੇ ਉਹਨਾਂ ਦੇ ਦਰਾਂ ਉੱਤੇ ਜਾ ਕੇ ਸੁਲਝਾਏ ਜਾਣ। ਇਸੇ ਕਰ ਕੇ ਹੀ ਲੋਕ ਨੁਮਾਇੰਦਿਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮੂਹ ਵਰਗਾਂ ਦੇ ਸਮਾਨਾਂਤਰ ਵਿਕਾਸ ਲਈ ਯਤਨਸ਼ੀਲ ਹੈ ।

Related Post