
ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਸੰਗਰੂਰ ਵਾਸੀ: ਡਿਪਟੀ ਕਮਿਸ਼ਨਰ
- by Jasbeer Singh
- December 18, 2024

ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਸੰਗਰੂਰ ਵਾਸੀ: ਡਿਪਟੀ ਕਮਿਸ਼ਨਰ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲ ਲਿਜਾਉਣ ਵਾਲੇ ਵਿਅਕਤੀ ਨੂੰ ‘ਫਰਿਸ਼ਤੇ’ ਸਕੀਮ ਤਹਿਤ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਜਾਂਦਾ ਹੈ : ਸੰਦੀਪ ਰਿਸ਼ੀ ਅਣਪਛਾਤੇ ਵਾਹਨਾਂ ਦੀ ਟੱਕਰ ਕਾਰਨ ਹਾਦਸਿਆਂ ਦਾ ਸ਼ਿਕਾਰ ਹੋਏ ਜ਼ਖ਼ਮੀਆਂ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਹਿੱਟ ਐਂਡ ਰਨ ਸਕੀਮ ਤਹਿਤ ਦਿੱਤੀ ਜਾਂਦੀ ਹੈ ਮਾਲੀ ਸਹਾਇਤਾ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਤੇ ਜੁਆਇੰਟ ਡਾਇਰੈਕਟਰ ਟਰੈਫਿਕ ਦੇਸ ਰਾਜ ਵੱਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਸੰਗਰੂਰ, 18 ਦਸੰਬਰ : ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਦੇ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਚਲਾਈ ਜਾ ਰਹੀ ਫਰਿਸ਼ਤੇ ਸਕੀਮ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਜੇਕਰ ਕੋਈ ਵੀ ਨਾਗਰਿਕ ਸਵੈ-ਇੱਛਾ ਨਾਲ ਦੁਰਘਟਨਾ ਪੀੜਤਾਂ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ ਤਾਂ ਉਸ ਨੂੰ ‘ਫਰਿਸ਼ਤਾ’ ਮੰਨਦੇ ਹੋਏ 2 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਜਾਂਦਾ ਹੈ । ਉਨ੍ਹਾਂ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਦੁਰਘਟਨਾਵਾਂ ਵਿੱਚ ਪੀੜਤ ਹੋਣ ਵਾਲੇ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਹ ਮਨੁੱਖਤਾ ਦੀ ਇੱਕ ਵੱਡੀ ਸੇਵਾ ਸਾਬਤ ਹੋਵੇਗਾ । ਇਸ ਮੌਕੇ ਜੁਆਇੰਟ ਡਾਇਰੈਕਟਰ ਟਰੈਫਿਕ ਦੇਸ ਰਾਜ ਨੇ ਦੱਸਿਆ ਕਿ ਅਣਪਛਾਤੇ ਵਾਹਨਾਂ ਵੱਲੋਂ ਟੱਕਰ ਮਾਰਨ ਕਾਰਨ ਜਖ਼ਮੀ ਹੋਣ ਵਾਲੇ ਵਿਅਕਤੀਆਂ ਅਤੇ ਮ੍ਰਿਤਕਾਂ ਦੇ ਵਾਰਸਾਂ ਦੀ ਮਾਲੀ ਸਹਾਇਤਾ ਲਈ ਭਾਰਤ ਸਰਕਾਰ ਵੱਲੋਂ ਹਿੱਟ ਐਂਡ ਰਨ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੀੜਤ ਜਾਂ ਮ੍ਰਿਤਕ ਦੇ ਵਾਰਸ ਸਬੰਧਤ ਉਪ-ਮੰਡਲ ਮੈਜਿਸਟਰੇਟ ਜਾਂ ਥਾਣਾ ਮੁਖੀ ਕੋਲ ਅਰਜ਼ੀ ਲਗਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਵੱਖ-ਵੱਖ ਤੱਥਾਂ ਦੀ ਪੜਤਾਲ ਕਰਦਿਆਂ ਤਰਜੀਹੀ ਅਧਾਰ ’ਤੇ ਕੀਤਾ ਜਾਂਦਾ ਹੈ ਅਤੇ ਹਿਟ ਤੇ ਰਨ ਕੇਸ ਦੀ ਪੁਸ਼ਟੀ ਹੋਣ ’ਤੇ ਜ਼ਖ਼ਮੀ ਨੂੰ 50 ਹਜ਼ਾਰ ਰੁਪਏ ਅਤੇ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਗੁੱਡ ਸਮਾਰਟੀਅਨ ਸਕੀਮ ਤਹਿਤ 5000 ਰੁਪਏ ਦੀ ਰਾਸ਼ੀ ਦੇਣ ਦੀ ਵੀ ਵਿਵਸਥਾ ਹੈ ਅਤੇ ਮਦਦਗਾਰ ਨੂੰ ਪੁਲਿਸ ਦੀ ਪੁੱਛ ਪੜਤਾਲ, ਗਵਾਹੀ ਆਦਿ ਤੋਂ ਵੀ ਮੁਕਤ ਰੱਖਿਆ ਜਾਂਦਾ ਹੈ । ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਹੈਲਪਲਾਈਨ 108 ਐਂਬੂਲੈਂਸ ਸੇਵਾ, ਸੇਫ਼ ਸਕੂਲ ਵਾਹਨ ਸਕੀਮ, ਰਾਸ਼ਟਰੀ ਹਾਈਵੇ ਤੇ ਸਟੇਟ ਹਾਈਵੇ ’ਤੇ ਧੁੰਦ ਕਾਰਨ ਵਾਪਰਦੇ ਹਾਦਸਿਆਂ ਤੋਂ ਬਚਾਅ ਲਈ ਢੁਕਵੇਂ ਸਾਈਨ ਬੋਰਡ ਤੇ ਹੋਰ ਟਰੈਫਿਕ ਸੰਕੇਤ ਤੇ ਚਿੰਨ੍ਹ ਲਗਾਉਣ, ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟਣ, ਕਮਰਸ਼ੀਅਲ ਵਾਹਨਾਂ ਵਿੱਚ ਸਪੀਡ ਗਵਰਨਰ ਦੀ ਫਿਟਿੰਗ ਯਕੀਨੀ ਬਣਾਉਣ, ਬਲੈਕ ਸਪੋਟ ’ਤੇ ਚਿਤਾਵਨੀ ਬੋਰਡ ਲਗਾਉਣ ਸਮੇਤ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਢੁਕਵੀਂ ਕਾਰਵਾਈ ਕਰਨ ਦੀ ਹਦਾਇਤ ਕੀਤੀ । ਮੀਟਿੰਗ ਦੌਰਾਨ ਆਰ.ਟੀ.ਏ ਰਵਿੰਦਰ ਬਾਂਸਲ, ਐਸ.ਡੀ.ਐਮ ਧੂਰੀ ਵਿਕਾਸ ਹੀਰਾ, ਐਸ. ਡੀ. ਐਮ. ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ, ਇੰਚਾਰਜ ਜ਼ਿਲ੍ਹਾ ਟਰੈਫਿਕ ਪੁਲਿਸ ਪਵਨ ਕੁਮਾਰ, ਈ. ਓ. ਮੋਹਿਤ ਸ਼ਰਮਾ ਸਮੇਤ ਸਿੱਖਿਆ, ਸਿਹਤ, ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਕਾਲਜਾਂ ਦੇ ਨੁਮਾਇੰਦੇ ਵੀ ਮੌਜੂਦ ਸਨ ।