
ਸਰਬਜੀਤ ਸਿੰਘ ਝਿੰਜਰ ਮੁੜ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਨਿਯੁਕਤ
- by Jasbeer Singh
- June 30, 2025

ਸਰਬਜੀਤ ਸਿੰਘ ਝਿੰਜਰ ਮੁੜ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਨਿਯੁਕਤ -ਬਿਕਰਮ ਮਜੀਠੀਆ ਨੂੰ ਗ੍ਰਫਤਾਰ ਕਰਨਾ ‘ਆਪ’ ਸਰਕਾਰ ਦੀ ਕੋਜੀ ਚਾਲ : ਭੀਮ, ਸ਼ੀਰਾ ਨਾਭਾ, 30 ਜੂਨ : ਲੰਬੇ ਸਮੇਂ ਤੋਂ ਪਾਰਟੀ ਦੀ ਨਿਰਸਵਾਰਥ ਸੇਵਾ ਕਰਦੇ ਆ ਰਹੇ ਬੇਦਾਗ ਇਮਾਨਦਾਰ, ਨਿਧੜਕ, ਪਾਰਟੀ ਦੀ ਵਿਚਾਰਧਾਰਾ ਦੇ ਪੱਕੇ ਧਾਰਨੀ ਅਤੇ ਆਪਣੀਆਂ ਵਜ਼ਨਦਾਰ ਦਲੀਲਾਂ ਨਾਲ ਵਿਰੋਧੀਆਂ ਨੂੰ ਠੋਸ ਜਵਾਬ ਦੇਣ ਵਾਲੇ ਨੌਜਵਾਨ ਆਗੂ ਸਰਬਜੀਤ ਸਿੰਘ ਝਿੰਜਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਯੂਥ ਅਕਾਲੀ ਦਲ ਦਾ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕਰਨ ’ਤੇ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਤੀ ਨਜ਼ਦੀਕੀ ਭੀਮ ਸਿੰਘ ਵੜੈਚ ਤੇ ਹਲਕਾ ਅਮਰਗੜ੍ਹ ਦੇ ਉਘੇ ਸਮਾਜ ਸੇਵਕ ਤੇ ਸੀਨੀਅਰ ਅਕਾਲੀ ਆਗੂ ਸਤਬੀਰ ਸਿੰਘ ਸ਼ੀਰਾ ਬਨਭੌਰਾ ਨੇ ਇੱਥੇ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਝੂਠੇ ਅਤੇ ਹਾਸੋਹੀਣੇ ਝਾਂਸਿਆਂ ’ਚ ਫਸਾਉਣ ਦੀ ਬਜਾਏ ਸੂਬੇ ਦੇ ਸੰਵੇਦਨਸ਼ੀਲ ਮੁੱਦਿਆਂ ਦੇ ਹੱਲ ਦੇ ਨਾਲ ਨਾਲ ਅਪਰਾਧਿਕ ਮਾਮਲਿਆਂ ’ਚ ਦਿਸ਼ਾਹੀਣ ਹੋਏ ਸੂਬੇ ਨੂੰ ਸਹੀ ਰਸਤੇ ’ਤੇ ਲਿਆਉਣ ਦਾ ਯਤਨ ਅਤੇ ਪਾਰਟੀ ਦੀ ਚੜਦੀਕਲਾ ਲਈ ਹਮੇਸ਼ਾ ਉਪਰਾਲੇ ਕਰਦੇ ਰਹਿੰਦੇ ਹਨ। ਭੀਮ ਤੇ ਸ਼ੀਰਾ ਨੇ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਆਪਣੀ ਕਾਰਜਸ਼ੈਲੀ ਅਤੇ ਤਜਰਬੇ ਨਾਲ ਹਮੇਸ਼ਾ ਪਾਰਟੀ ਦੇ ਸੰਕਟਮੋਚਕ ਬਣ ਕੇ ਖੜਦੇ ਹਨ। ਉਨ੍ਹਾਂ ਕਿਹਾ ਕਿ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਸਰਕਾਰ ਵਲੋਂ ਇਕ ਕੋਜੀ ਜਲਦੇ ਹੋਏ ਗਿਰਫਤਾਰ ਕਰ ਲਿਆ ਗਿਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ ਤੇ ਸਮੂਹ ਅਕਾਲੀ ਵਰਕਰ ਇਸ ਗੱਲ ਦੀ ਘੜੀ ਨਿੰਦਾ ਕਰਦੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ‘ਆਪ’ ਸਰਕਾਰ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿਚ ਫਸਾਉਣ ਵਿਚ ਜੁਟੀ ਹੋਈ ਸੀ, ਪਰ ਮਜੀਠੀਆ ਇਕ ਸਾਫ ਸੁਥਰੇ ਅਕਸ ਵਾਲੇ ਬੇਦਾਗ ਲੀਡਰ ਹਨ, ਜਿਸ ਕਰਕੇ ਸਰਕਾਰ ਉਨ੍ਹਾਂ ਨੂੰ ਇਸ ਮਾਮਲੇ ’ਚ ਦੋਸ਼ੀ ਨਹੀਂ ਠਹਿਰਾ ਸਕੀ, ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਨਵੇਂ ਮਾਮਲੇ ਤਹਿਤ ਮਜੀਠੀਆ ਨੂੰ ਗ੍ਰਫਤਾਰ ਕਰਕੇ ‘ਆਪ’ ਸਰਕਾਰ ਨੇ ਸਿਆਸੀ ਕਿੜ ਕੱਢਣ ਦਾ ਯਤਨ ਕੀਤਾ ਹੈ। ਅਖੀਰ ’ਚ ਭੀਮ ਵੜੈਚ ਤੇ ਸ਼ੀਰਾ ਬਨਭੌਰਾ ਨੇ ਕਿਹਾ ਕਿ ਬਿਕਰਮ ਮਜੀਠੀਆ ’ਤੇ ਕੀਤੀ ਹੋਛੀ ਕਾਰਵਾਈ ਨਾਲ ਉਨਾਂ ਦਾ ਕੱਦ ਛੋਟਾ ਨਹੀਂ ਸਗੋਂ ਵੱਡਾ ਹੋਵੇਗਾ।